ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਹਰ ਦੇਸ਼ ਦੀ ਸਰਕਾਰ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪਬੰਦੀਆਂ ਲਾਗੂ ਕਰ ਰਹੀ ਹੈ। ਇਸ ਦੌਰਾਨ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਕਸੀਨ ਵੀ ਲਗਾਈ ਜਾਂ ਰਹੀ ਹੈ। ਟੀਕਾਕਰਨ ਪ੍ਰੋਗਰਾਮ ਵਿੱਚ ਹਰ ਦੇਸ਼ ਨਿਰੰਤਰ ਤੇਜ਼ੀ ਲਿਆ ਰਿਹਾ ਹੈ। ਇਸੇ ਤਹਿਤ ਨਿਊਜ਼ੀਲੈਂਡ ਸਰਕਾਰ ਵੀ ਵੱਡੇ ਪੱਧਰ ‘ਤੇ ਕੋਰੋਨਾ ਟੀਕਾਕਰਨ ਕਰਨ ਦੀਆ ਕੋਸ਼ਿਸ਼ਾਂ ਕਰ ਰਹੀ ਹੈ। ਪਰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਵੀਨਤਮ ਪ੍ਰਕੋਪ ਵਿੱਚ ਕੋਵਿਡ -19 ਦੇ ਕਮਿਊਨਿਟੀ ਕੇਸਾਂ ਦੌਰਾਨ ਕੋਰੋਨਾ ਦਾ ਸ਼ਿਕਾਰ ਹੋਏ 84 ਫੀਸਦੀ ਲੋਕਾਂ ਨੂੰ ਵੀ ਅਜੇ ਵੈਕਸੀਨ ਨਹੀਂ ਲੱਗੀ ਹੈ।
ਜਦਕਿ 12 ਫੀਸਦੀ ਨਾਗਰਿਕ ਅਜਿਹੇ ਹਨ ਜਿਨ੍ਹਾਂ ਨੂੰ ਫਾਈਜ਼ਰ ਟੀਕੇ ਦੀ ਇੱਕ ਖੁਰਾਕ ਮਿਲੀ ਹੈ ਅਤੇ ਸਿਰਫ 4 ਫੀਸਦੀ ਨਾਗਰਿਕਾਂ ਦਾ ਹੀ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ। ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਇਹ ਅੰਕੜੇ 687 ਕੋਵਿਡ -19 ਮਾਮਲਿਆਂ ਨਾਲ ਸਬੰਧਤ ਹਨ ਜਿਨ੍ਹਾਂ ਦਾ ਬੁੱਧਵਾਰ ਤੱਕ ਐਲਾਨ ਕੀਤਾ ਗਿਆ ਸੀ। ਵੀਰਵਾਰ ਦੇ 49 ਨਵੇਂ ਮਾਮਲਿਆਂ ਦੀ ਟੀਕਾਕਰਣ ਸਥਿਤੀ ਬਾਰੇ ਜਾਣਕਾਰੀ ਅਜੇ ਉਪਲਬੱਧ ਨਹੀਂ ਹੈ।