ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਦੇਸ਼ ਵਿੱਚ ਹਰ ਦਿਨ ਕੋਰੋਨਾ ਦੇ ਮਾਮਲੇ ਇੱਕ ਨਵਾਂ ਰਿਕਾਰਡ ਬਣਾ ਰਹੇ ਹਨ। ਸਿਹਤ ਮੰਤਰਾਲੇ ਵੱਲੋ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਿੱਚ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦੇ 82 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਂਝੀ ਕੀਤੀ ਗਈ ਜਾਣਕਾਰੀ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਨਵੇਂ ਕੇਸ ਆਕਲੈਂਡ ‘ਚੋਂ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ 429 ਹੋ ਗਈ ਹੈ। ਜਿਨ੍ਹਾਂ ਵਿੱਚੋਂ 415 ਮਾਮਲੇ ਆਕਲੈਂਡ ਵਿੱਚੋਂ ਅਤੇ 14 ਮਾਮਲੇ ਵੈਲਿੰਗਟਨ ਵਿੱਚ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਸਮੇ 25 ਕਮਿਊਨਿਟੀ ਕੇਸ ਹਸਪਤਾਲ ਵਿੱਚ ਹਨ। ਇਨ੍ਹਾਂ ਵਿੱਚੋਂ 23 ਸਥਿਰ ਹਾਲਤ ਵਿੱਚ ਨੌਰਮਲ ਵਾਰਡ ਵਿੱਚ ਹਨ, ਜਦਕਿ ਦੋ ਮਰੀਜ ਆਈਸੀਯੂ ਵਿੱਚ ਹਨ ਪਰ ਸਥਿਰ ਹਨ। ਉੱਥੇ ਹੀ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਨਿਊਜ਼ੀਲੈਂਡ ਵਿੱਚ ਲਾਗੂ ਪਬੰਦੀਆਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਘੋਸ਼ਣਾ ਕੀਤੀ ਸੀ ਕਿ ਪੂਰਾ ਦੇਸ਼ ਮੰਗਲਵਾਰ ਰਾਤ 11.59 ਵਜੇ ਤੱਕ ਅਲਰਟ ਲੈਵਲ 4 ‘ਤੇ ਰਹੇਗਾ।