ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੇਸ਼ ਵਿੱਚ ਰੋਜ਼ਾਨਾ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਬੁੱਧਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਕਮਿਊਨਿਟੀ ਵਿੱਚ ਕੋਵਿਡ -19 ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੱਲ੍ਹ 49 ਰਿਪੋਰਟ ਕੀਤੇ ਗਏ ਸਨ।
ਬਲੂਮਫੀਲਡ ਨੇ ਵੈਲਿੰਗਟਨ ਵਿੱਚ ਬੁੱਧਵਾਰ ਦੁਪਹਿਰ 1 ਵਜੇ ਕੋਵਿਡ -19 ਬ੍ਰੀਫਿੰਗ ਦੌਰਾਨ ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਦੇ ਨਾਲ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ।
ਮੌਜੂਦਾ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 687 ਹੋ ਗਈ ਹੈ ਜਦਕਿ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਦੇ ਪੁਸ਼ਟੀ ਕੀਤੇ ਕੇਸ 3,288 ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ -19 ਨਾਲ ਸੰਕਰਮਿਤ 32 ਲੋਕ ਇਸ ਵੇਲੇ ਹਸਪਤਾਲ ਵਿੱਚ ਹਨ। ਜਿਨ੍ਹਾਂ ਵਿੱਚੋਂ ਅੱਠ ਆਈਸੀਯੂ ਵਿੱਚ ਹਨ, ਜਦਕਿ ਤਿੰਨ ਵੈਂਟੀਲੇਟਰ ‘ਤੇ ਹਨ।