ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਦੇ ਮਾਮਲੇ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਮੰਤਰੀ ਜੈਸ਼ੰਕਰ ਨੂੰ ਲਿਖੇ ਪੱਤਰ ‘ਚ ਉਨ੍ਹਾਂ ਨੇ ਇਸ ਮੁੱਦੇ ‘ਤੇ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਤਕਰੀਬਨ 700 ਭਾਰਤੀ ਵਿਦਿਆਰਥੀ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਕਿਉਂਕਿ ਉਸ ਦੇਸ਼ ਦੇ ਅਧਿਕਾਰੀਆਂ ਵੱਲੋਂ ਵਿਦਿਅਕ ਸੰਸਥਾਵਾਂ ‘ਚ ਦਾਖਲੇ ਲਈ ਦਿੱਤੇ ਗਏ ਦਸਤਾਵੇਜ ਜਾਅਲੀ ਪਾਏ ਗਏ ਸਨ। ਇਹ ਮਾਮਲਾ ਮਾਰਚ ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਪੱਕੀ ਰਿਹਾਇਸ਼ ਲਈ ਅਪਲਾਈ ਕੀਤਾ ਸੀ।
ਪੱਤਰ ਵਿੱਚ ਧਾਲੀਵਾਲ ਨੇ ਲਿਖਿਆ ਕਿ ਇਹ ਸਾਰੇ 700 ਵਿਦਿਆਰਥੀ ਬੇਕਸੂਰ ਹਨ ਅਤੇ ਧੋਖੇਬਾਜ਼ਾਂ ਦੇ ਇੱਕ ਗਰੋਹ ਵੱਲੋਂ ਇੰਨਾਂ ਨੂੰ ਠੱਗਿਆ ਗਿਆ ਹੈ। ਧਾਲੀਵਾਲ ਨੇ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖ ਕੇ ਕਿਹਾ ਕਿ ਮੈਂ ਬਹੁਤ ਧੰਨਵਾਦੀ ਹੋਵਾਂਗਾ ਜੇਕਰ ਤੁਸੀਂ ਇਸ ਮਾਮਲੇ ਨੂੰ ਨਿੱਜੀ ਤੌਰ ‘ਤੇ ਦੇਖਦੇ ਹੋ ਅਤੇ ਇਸ ਨੂੰ ਕੈਨੇਡਾ ਦੇ ਹਾਈ ਕਮਿਸ਼ਨ ਅਤੇ ਸਬੰਧਿਤ ਏਜੰਸੀਆਂ ਕੋਲ ਚੁੱਕਦੇ ਹੋ, ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੇ ਵੀਜ਼ਿਆਂ ਨੂੰ ਦੇਖਦਿਆਂ ਵਰਕ ਪਰਮਿਟ ਦਿੱਤੇ ਜਾਣ। ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਜਾਂ ਪੜ੍ਹਾਈ ਲਈ ਭੇਜਣ ਤੋਂ ਪਹਿਲਾਂ ਕਾਲਜ ਦੇ ਵੇਰਵੇ ਅਤੇ ਟਰੈਵਲ ਏਜੰਟ ਦੇ ਰਿਕਾਰਡ ਦੀ ਜਾਂਚ ਕਰਨ।