ਅਮਰੀਕਾ ਦੇ ਕੈਲੀਫੋਰਨੀਆ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ। ਭੂਚਾਲ ਕਾਰਨ 55 ਹਜ਼ਾਰ ਘਰਾਂ ਵਿੱਚ ਬਿਜਲੀ ਬੰਦ ਹੋ ਗਈ ਹੈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਕਿਹਾ ਕਿ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 16 ਕਿਲੋਮੀਟਰ ਹੇਠਾਂ ਸੀ। ਇਸਦਾ ਕੇਂਦਰ ਕੈਲੀਫੋਰਨੀਆ ਦੇ ਫਰਨਡੇਲ ਤੋਂ 12 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿੱਚ ਸੀ। ਫਰਨਡੇਲ ਸੈਨ ਫਰਾਂਸਿਸਕੋ ਤੋਂ ਲਗਭਗ 260 ਮੀਲ ਦੂਰ ਹੈ। ਸੰਯੁਕਤ ਰਾਜ ਦੀ ਰਾਸ਼ਟਰੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਕਿਹਾ ਹੈ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। USGS ਨੇ ਕਿਹਾ ਕਿ ਖੇਤਰ ਵਿੱਚ ਕਰੀਬ ਇੱਕ ਦਰਜਨ ਛੋਟੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਰਨਡੇਲ ਸ਼ਹਿਰ ਵਿੱਚ ਲਗਭਗ 15,000 ਲੋਕ ਰਹਿੰਦੇ ਹਨ।
ਫਰਨਡੇਲ ਦੇ ਲੋਕਾਂ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਬਿਜਲੀ ਠੱਪ ਹੋ ਗਈ ਹੈ। 911 ‘ਤੇ ਕਾਲ ਨਾ ਕਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਐਮਰਜੈਂਸੀ ਵਰਗੀ ਸਥਿਤੀ ਨਾ ਹੋਵੇ। ਲੋਕਾਂ ਨੇ ਦੱਸਿਆ ਕਿ ਸ਼ਹਿਰ ਅਤੇ ਹਮਬੋਲਟ ਕਾਉਂਟੀ ਦੇ ਆਸਪਾਸ 10 ਹਜ਼ਾਰ ਘਰਾਂ ਵਿੱਚ ਬਿਜਲੀ ਗੁੱਲ ਹੈ। ਬਿਜਲੀ ਬੰਦ ਹੋਣ ਕਾਰਨ ਕਾਰੋਬਾਰੀ ਕੰਮ ਪ੍ਰਭਾਵਿਤ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਸ਼ਨੀਵਾਰ ਨੂੰ 3.6 ਤੀਬਰਤਾ ਦਾ ਭੂਚਾਲ ਆਇਆ ਸੀ। ਉੱਥੋਂ ਦੇ ਸਥਾਨਕ ਸਮੇਂ ਮੁਤਾਬਕ ਭੂਚਾਲ 3.39 ਮਿੰਟ ‘ਤੇ ਆਇਆ। ਭੂਚਾਲ ਦਾ ਕੇਂਦਰ ਸਾਨ ਫਰਾਂਸਿਸਕੋ ਤੋਂ 25 ਕਿਲੋਮੀਟਰ ਦੂਰ ਸੀ।