ਇਟਲੀ ਦੇ ਸਿਸਲੀ ਤੱਟ ਨੇੜੇ 5.3 ਟਨ ਕੋਕੀਨ ਤੈਰਦੀ ਹੋਈ ਮਿਲੀ ਹੈ। ਕੋਕੀਨ ਦੀ ਇਹ ਖੇਪ ਪੁਲਿਸ ਨੇ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਟਲੀ ਦੀ ਕਸਟਮ ਪੁਲਿਸ ਦੇ ਅਨੁਸਾਰ, ਇਸ ਖੇਪ ਦੀ ਅਨੁਮਾਨਿਤ ਕੀਮਤ 850 ਮਿਲੀਅਨ ਯੂਰੋ ($ 946 ਮਿਲੀਅਨ) ਹੈ। ਪੁਲਿਸ ਮੁਤਾਬਿਕ ਸ਼ੁੱਕਰਵਾਰ ਨੂੰ ਜ਼ਬਤ ਕੀਤੀ ਗਈ ਕੋਕੀਨ ਦੀ ਖੇਪ ਹੁਣ ਤੱਕ ਦੀ ਸਭ ਤੋਂ ਵੱਡੀ ਹੈ। ਰਿਪੋਰਟ ਮੁਤਾਬਿਕ ਪੁਲਿਸ ਇੱਕ ਜਹਾਜ਼ ਦਾ ਪਤਾ ਲਗਾ ਰਹੀ ਸੀ ਜੋ ਦੱਖਣੀ ਅਮਰੀਕਾ ਤੋਂ ਰਵਾਨਾ ਹੋਇਆ ਸੀ। ਪੁਲਿਸ ਨੇ ਬੁੱਧਵਾਰ ਤੜਕੇ ਇਸ ਜਹਾਜ਼ ‘ਤੇ ਛਾਪਾ ਮਾਰਿਆ। ਦਰਅਸਲ, ਜਦੋਂ ਪੁਲਿਸ ਨੇ ਜਹਾਜ਼ ‘ਤੇ ਛਾਪਾ ਮਾਰਿਆ ਤਾਂ ਜਹਾਜ਼ ਤੋਂ ਕੋਕੀਨ ਦੀ ਖੇਪ ਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਮੁਤਾਬਿਕ ਇਟਲੀ ਦੇ ਮੈਰੀਟਾਈਮ ਸਰਵੀਲੈਂਸ ਏਅਰਕ੍ਰਾਫਟ ਨੇ ਵੀ ਕੋਕੀਨ ਦੇ ਭੰਡਾਰ ‘ਤੇ ਨਜ਼ਰ ਰੱਖੀ ਹੋਈ ਸੀ।
ਮੌਕੇ ਤੋਂ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਟਿਊਨੀਸ਼ੀਅਨ, ਇੱਕ ਇਟਾਲੀਅਨ, ਇੱਕ ਅਲਬਾਨੀਅਨ ਅਤੇ ਇੱਕ ਫਰਾਂਸ ਦਾ ਨਾਗਰਿਕ ਸ਼ਾਮਿਲਹੈ। ਸਿਸਲੀ ਦੇ ਖੇਤਰੀ ਪ੍ਰਧਾਨ, ਰੇਨਾਟੋ ਸ਼ਿਫਾਨੀ ਨੇ ਕਾਰਵਾਈ ਵਿੱਚ ਸ਼ਾਮਲ ਪੁਲਿਸ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਇੱਕ ਸਰਾਪ ਹੈ, ਜਿਸ ਨੂੰ ਬੇਈਮਾਨ ਲੋਕਾਂ ਦੁਆਰਾ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਉਮੀਦਾਂ ਨੂੰ ਕੁਚਲ ਕੇ ਮੌਤ ਦਾ ਵਪਾਰ ਕਰਦੇ ਹਨ ਅਤੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੰਦੇ ਹਨ।