ਨਿਊਜ਼ੀਲੈਂਡ ‘ਚ ਲਗਾਤਾਰ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਕਮਿਊਨਿਟੀ ਵਿੱਚ 49 ਨਵੇਂ ਕੋਵਿਡ -19 ਕੇਸ ਹਨ, ਜੋ ਕੱਲ੍ਹ ਰਿਪੋਰਟ ਕੀਤੇ ਗਏ 75 ਮਾਮਲਿਆਂ ਤੋਂ ਘੱਟ ਹਨ। ਬਲੂਮਫੀਲਡ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇ ਨਾਲ ਵੈਲਿੰਗਟਨ ਵਿੱਚ ਵੀਰਵਾਰ ਦੁਪਹਿਰ 1 ਵਜੇ ਕੋਵਿਡ -19 ਬ੍ਰੀਫਿੰਗ ਦੌਰਾਨ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ। ਮੌਜੂਦਾ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 736 ਹੋ ਗਈ ਹੈ ਜਦਕਿ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਕੇਸ 3,340 ਹੋ ਗਏ ਹਨ।
ਮੌਜੂਦਾ ਪ੍ਰਕੋਪ ਵਿੱਚ 725 ਕਿਰਿਆਸ਼ੀਲ ਮਾਮਲੇ ਹਨ, ਜਿਨ੍ਹਾਂ ਵਿੱਚੋਂ 709 ਕੇਸ ਆਕਲੈਂਡ ‘ਚ ਅਤੇ ਮਾਮਲੇ 16 ਵੈਲਿੰਗਟਨ ਵਿੱਚ ਹਨ ਅਤੇ ਬਲੂਮਫੀਲਡ ਨੇ ਬਾਕੀ 11 ਕੇਸਾਂ ਦੀ ਸਿਹਤਯਾਬੀ ਦੀ ਪੁਸ਼ਟੀ ਕੀਤੀ ਹੈ। ਬਲੂਮਫੀਲਡ ਨੇ ਕਿਹਾ ਕਿ ਇਸ ਸਮੇ ਹਸਪਤਾਲ ਵਿੱਚ 42 ਕੇਸ ਹਨ, ਜਿਨ੍ਹਾਂ ਵਿੱਚੋਂ ਛੇ ਆਈਸੀਯੂ ਵਿੱਚ ਹਨ ਅਤੇ ਤਿੰਨ ਵੈਂਟੀਲੇਟਰ ‘ਤੇ ਹਨ। ਬਲੂਮਫੀਲਡ ਨੇ ਕਿਹਾ ਕਿ ਹਸਪਤਾਲ ਵਿੱਚ ਕੇਸਾਂ ਦੀ ਵੱਧ ਰਹੀ ਗਿਣਤੀ ਇਸ ਗੱਲ ਦੀ ਇੱਕ “ਯਾਦ ਦਿਵਾਉਂਦੀ ਹੈ” ਕਿ ਕੋਵਿਡ ਕਿੰਨਾ ਗੰਭੀਰ ਹੈ।