ਨਿਊਜ਼ੀਲੈਂਡ ਵਿੱਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੇਸ਼ ਵਿੱਚ ਲਗਾਤਾਰ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਅੱਜ 49 ਨਵੇਂ ਕੋਵਿਡ -19 ਕਮਿਊਨਿਟੀ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦਕਿ ਬੀਤੇ ਕੱਲ੍ਹ 53 ਮਾਮਲੇ ਸਾਹਮਣੇ ਆਏ ਸਨ।
ਮੰਗਲਵਾਰ ਨੂੰ ਸਾਹਮਣੇ ਆਏ ਨਵੇਂ ਕੇਸ ਪਿਛਲੇ ਛੇ ਦਿਨਾਂ ਵਿੱਚ ਸਭ ਤੋਂ ਘੱਟ ਹਨ। ਇਸ ਸਾਰੇ ਨਵੇਂ ਕੇਸ ਆਕਲੈਂਡ ਵਿੱਚ ਰਿਕਾਰਡ ਕੀਤੇ ਗਏ ਹਨ। ਇਸ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 611 ਹੈ, ਜਿਨ੍ਹਾਂ ਵਿੱਚ ਛੇ ਬੱਚੇ ਸ਼ਾਮਿਲ ਹਨ ਜੋ ਇੱਕ ਸਾਲ ਤੋਂ ਘੱਟ ਉਮਰ ਦੇ ਹਨ।
ਇਸ ਦੇ ਨਾਲ ਹੀ ਹਸਪਤਾਲ ਵਿੱਚ ਹੁਣ 33 ਕੇਸ ਹਨ, ਜਿਨ੍ਹਾਂ ਵਿੱਚੋਂ ਅੱਠ ਇੰਟੈਂਸਿਵ (intensive ) ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਵਿੱਚ ਹਨ, ਜਿਨ੍ਹਾਂ ਵਿੱਚੋਂ ਦੋ ਵੈਂਟੀਲੇਟਰਾਂ ‘ਤੇ ਹਨ। ਕੋਰੋਨਾ ਦੇ ਮਾਮਲਿਆਂ ਸਬੰਧੀ ਇਹ ਜਾਣਕਾਰੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ ਐਸ਼ਲੇ ਬਲੂਮਫੀਲਡ ਨੇ ਸਾਂਝੀ ਕੀਤੀ ਹੈ।