[gtranslate]

ਅਮਰੀਕਾ ‘ਚ ਵਾਪਰਿਆ ਭਿਆਨਕ ਹਾਦਸਾ, ਦੱਖਣੀ ਟੈਕਸਾਸ ਵਿੱਚ ਟਰੱਕ ‘ਚ ਮਿਲੀਆਂ 46 ਲੋਕਾਂ ਦੀਆਂ ਲਾਸ਼ਾਂ

46 people found dead america texas

ਅਮਰੀਕਾ ਵਿੱਚੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਟੈਕਸਾਸ ਰਾਜ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟਰੈਕਟਰ-ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮ੍ਰਿਤਕ ਪਾਏ ਗਏ ਹਨ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਸੈਨ ਐਂਟੋਨੀਓ ਦੇ ਕੇਐਸਏਟੀ ਚੈਨਲ ਨੇ ਕਿਹਾ ਕਿ ਟਰੱਕ ਸ਼ਹਿਰ ਦੇ ਦੱਖਣ ਦੇ ਬਾਹਰੀ ਹਿੱਸੇ ਵਿੱਚ ਰੇਲਮਾਰਗ ਦੀਆਂ ਪਟੜੀਆਂ ਦੇ ਨੇੜੇ ਮਿਲਿਆ ਸੀ। ਹਾਲਾਂਕਿ ਸੈਨ ਐਂਟੋਨੀਓ ਪੁਲਿਸ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

KSAT ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ‘ਚ ਪੁਲਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਇੱਕ ਵੱਡੇ ਟਰੱਕ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਹਨ। ਇਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਜਿਸ ਥਾਂ ਤੋਂ ਇਹ ਟਰੱਕ ਮਿਲਿਆ ਹੈ, ਉਹ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੋਂ 250 ਕਿਲੋਮੀਟਰ ਦੂਰ ਹੈ। ਸਿਟੀ ਕੌਂਸਲ ਦੀ ਮੁਖੀ ਐਡਰੀਆਨਾ ਰੋਚਾ ਗਾਰਸੀਆ ਨੇ ਕਿਹਾ ਕਿ ਟਰੱਕ ਵਿੱਚ ਮ੍ਰਿਤਕ ਪਾਏ ਗਏ ਲੋਕ ਪ੍ਰਵਾਸੀ ਸਨ।

ਸੈਨ ਐਂਟੋਨੀਓ ਫਾਇਰ ਡਿਪਾਰਟਮੈਂਟ ਦੇ ਅਨੁਸਾਰ, 16 ਹੋਰਾਂ ਨੂੰ ਸੋਮਵਾਰ ਰਾਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਨਾਬਾਲਗ ਸਨ। ਉਨ੍ਹਾਂ ਨੂੰ ਹੀਟ ਸਟ੍ਰੋਕ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਤਿੰਨ ਪ੍ਰਵਾਸੀਆਂ ਨੂੰ ਮੈਥੋਡਿਸਟ ਮੈਟਰੋਪੋਲੀਟਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਇੱਕ ਬੰਦ ਟਰੱਕ ਦੇ ਅੰਦਰ ਬੈਠੇ ਸਨ ਅਤੇ ਗਰਮੀ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਟੈਕਸਾਸ ‘ਚ ਸੋਮਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਸ ਮਾਮਲੇ ‘ਚ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦੱਸ ਦੇਈਏ ਕਿ 2017 ਵਿੱਚ ਵੀ ਟੈਕਸਾਸ ਵਿੱਚ 10 ਪ੍ਰਵਾਸੀਆਂ ਦੀਆਂ ਲਾਸ਼ਾਂ ਨਾਲ ਭਰਿਆ ਇੱਕ ਟਰੱਕ ਮਿਲਿਆ ਸੀ।

ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਵੀਟ ਕਰਕੇ ਉਨ੍ਹਾਂ ਨੇ ਇਸ ਨੂੰ ਟੈਕਸਾਸ ਦੀ ਤ੍ਰਾਸਦੀ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਥਾਨਕ ਕੌਂਸਲੇਟ ਮੌਕੇ ‘ਤੇ ਪਹੁੰਚ ਰਹੇ ਹਨ। ਹਾਲਾਂਕਿ, ਮ੍ਰਿਤਕ ਪਾਏ ਗਏ ਸਾਰੇ ਲੋਕਾਂ ਦੀ ਨਾਗਰਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਰਿਕਾਰਡ ਗਿਣਤੀ ਵਿੱਚ ਪ੍ਰਵਾਸੀਆਂ ਨੇ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕੀਤੀ ਹੈ। ਇਸ ਦੇ ਮੱਦੇਨਜ਼ਰ ਜੋ ਬਾਈਡੇਨ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਹੋ ਰਹੀ ਹੈ।

Leave a Reply

Your email address will not be published. Required fields are marked *