ਇਨਵਰਕਾਰਗਿਲ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਕੰਕਰੀਟ ਦੇ ਟਰੱਕ ਨਾਲ ਹੋਏ ਭਿਆਨਕ ਹਾਦਸੇ ਵਿੱਚ ਚਾਰ ਕਿਸ਼ੋਰ (teenage ) ਲੜਕਿਆਂ ਦੀ ਮੌਤ ਹੋ ਗਈ ਹੈ। ਸਾਊਥਲੈਂਡ ਏਰੀਆ ਦੇ ਕਮਾਂਡਰ ਇੰਸਪੈਕਟਰ ਮਾਈਕ ਬੋਮਨ ਨੇ ਦੱਸਿਆ ਕਿ ਚਾਰੇ ਨੌਜਵਾਨ ਕਾਲੇ ਰੰਗ ਦੀ ਫੋਰਡ ਰੇਂਜਰ ਗੱਡੀ ਵਿੱਚ ਜਾ ਰਹੇ ਸਨ ਜਿਸ ਦੀ ਕਵੀਂਸ ਪਾਰਕ ਨੇੜੇ ਸ਼ਾਮ 4 ਵਜੇ ਤੋਂ ਪਹਿਲਾਂ ਟਰੱਕ ਨਾਲ ਟੱਕਰ ਹੋ ਗਈ। ਜਾਨ ਗਵਾਉਣ ਵਾਲਿਆਂ ‘ਚ ਤਿੰਨ ਦੀ ਉਮਰ 16 ਸਾਲ ਸੀ ਅਤੇ ਚੌਥਾ 17 ਸਾਲ ਦਾ ਸੀ। 16 ਸਾਲ ਦੇ ਤਿੰਨੋ ਬੱਚੇ ਬਲੱਫ ਦੇ ਰਹਿਣ ਵਾਲੇ ਸਨ।
ਬੋਮਨ ਨੇ ਕਿਹਾ ਕਿ, “ਦੁਖਦਾਈ ਤੌਰ ‘ਤੇ, ਚਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ, ਇਹ ਸਮੁੱਚੇ ਤੌਰ ‘ਤੇ ਬਲੱਫ ਭਾਈਚਾਰੇ ਲਈ ਇੱਕ ਤ੍ਰਾਸਦੀ ਹੈ।” ਬੋਮਨ ਨੇ ਕਿਹਾ ਕਿ ਪੁਲਿਸ ਕਈ ਗਵਾਹਾਂ ਨਾਲ ਗੱਲ ਕਰੇਗੀ ਕਿਉਂਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਥੇ ਹੀ ਕੰਕਰੀਟ ਨਾਲ ਭਰੇ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਮਗਰੋਂ ਹਸਪਤਾਲ ਲਿਜਾਇਆ ਗਿਆ ਹੈ।