ਲੰਡਨ ਦੇ ਬ੍ਰਿਕਸਟਨ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਵਿੱਚ ਅੱਠ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਚਾਰੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਰਾਤ (ਸਥਾਨਕ ਸਮੇਂ ਅਨੁਸਾਰ 9.35) ਨੂੰ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਿਨਾਂ ਟਿਕਟਾਂ ਦੇ ਸਥਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਕਿਹਾ ਕਿ ਨਾਈਜੀਰੀਆ ਦੇ ਗਾਇਕ ਏਸੇਕ ਦੇ ਇੱਕ ਸੰਗੀਤ ਸਮਾਰੋਹ ਦੌਰਾਨ ਲੋਕਾਂ ਦੀ ਭੀੜ ਨੇ ਓ 2 ਬ੍ਰਿਕਸਟਨ ਅਕੈਡਮੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਅੱਠ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਜਦਕਿ ਦੋ ਵਿਅਕਤੀਆਂ ਦਾ ਘਟਨਾ ਵਾਲੀ ਥਾਂ ‘ਤੇ ਹੀ ਇਲਾਜ ਕੀਤਾ ਗਿਆ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਸਪਤਾਲ ਲਿਜਾਏ ਗਏ ਚਾਰ ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਅਧਿਕਾਰੀਆਂ, ਲੰਡਨ ਐਂਬੂਲੈਂਸ ਸਰਵਿਸ (ਐਲਏਐਸ) ਅਤੇ ਲੰਡਨ ਫਾਇਰ ਬ੍ਰਿਗੇਡ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਦੇਖਿਆ ਕਿ ਭੀੜ ‘ਚ ਕੁਚਲੇ ਜਾਣ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੂਜੇ ਪਾਸੇ ਜਿਨ੍ਹਾਂ ਦੀ ਹਾਲਤ ਕੁਝ ਠੀਕ ਸੀ, ਉਨ੍ਹਾਂ ਦਾ ਉੱਥੇ ਹੀ ਇਲਾਜ ਕੀਤਾ ਗਿਆ।
ਮੈਟਰੋਪੋਲੀਟਨ ਪੁਲਿਸ ਕਮਾਂਡਰ ਐਡੇ ਅਡੇਲੇਕਨ ਨੇ ਕਿਹਾ, ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਘਟਨਾ ਹੈ। ਹਸਪਤਾਲ ਵਿੱਚ ਚਾਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੇਰੀ ਸੰਵੇਦਨਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਜਾਂਚ ਵੀ ਕਰਵਾਈ ਜਾਵੇਗੀ, ਤਾਂ ਜੋ ਪਤਾ ਲੱਗ ਸਕੇ ਕਿ ਬੀਤੀ ਰਾਤ ਕੀ ਹੋਇਆ। ਸੀਸੀਟੀਵੀ ਦੇਖੇ ਜਾਣਗੇ।