ਅਮਰੀਕਾ ਡਾਕਟਰਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਅਸਰ ਸ਼ਹਿਰ ਦੇ ਨਾਲ-ਨਾਲ ਪਿੰਡਾਂ ‘ਤੇ ਵੀ ਪੈ ਰਿਹਾ ਹੈ। ਡਾਕਟਰਾਂ ਦੇ ਕਲੀਨਕ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਸ ਦੇ ਨਾਲ ਹੀ, ਕੁੱਝ ਡਾਕਟਰਾਂ ਦੀ ਸਲਾਹ ਲੈਣ ਲਈ ਕਈ ਮਹੀਨੇ ਪਹਿਲਾਂ ਟਾਈਮ ਲੈਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕੁੱਝ ਲੋਕ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਰਹੇ ਹਨ। ਦਰਅਸਲ, ਕੋਰੋਨਾ ਤੋਂ ਬਾਅਦ ਇਹ ਸੰਕਟ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਵਿੱਚ ਇਸ ਸਮੇਂ 10.73 ਲੱਖ ਡਾਕਟਰ ਹਨ। ਇਨ੍ਹਾਂ ਵਿੱਚੋਂ 4 ਲੱਖ ਦੇ ਕਰੀਬ ਡਾਕਟਰ ਇਸ ਸਾਲ ਸੇਵਾਮੁਕਤ ਹੋ ਰਹੇ ਹਨ। ਐਸੋਸੀਏਸ਼ਨ ਆਫ ਅਮੈਰੀਕਨ ਮੈਡੀਕਲ ਕਾਲਜਜ਼ ਦੁਆਰਾ 2020 ਵਿੱਚ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ, 2033 ਤੱਕ ਅਮਰੀਕਾ ਵਿੱਚ 54,100 ਤੋਂ 139,000 ਡਾਕਟਰਾਂ ਦੀ ਕਮੀ ਹੋ ਜਾਵੇਗੀ। ਡਾਕਟਰਾਂ ਦੀ ਇਹ ਘਾਟ ਪ੍ਰਾਇਮਰੀ ਅਤੇ ਇੰਟੈਂਸਿਵ ਕੇਅਰ ਦੋਵਾਂ ਖੇਤਰਾਂ ਵਿੱਚ ਹੋਵੇਗੀ।
ਡਾਕਟਰ ਸਟੀਫਨ ਫਰੈਂਕਲ ਨੇ ਕਿਹਾ ਕਿ ਸਤੰਬਰ 2021 ਵਿੱਚ ਕੈਸਰ ਫੈਮਿਲੀ ਫਾਊਂਡੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਵਿੱਚ 8.37 ਕਰੋੜ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਸ਼ੁਰੂਆਤੀ ਇਲਾਜ ਵੀ ਉਪਲਬਧ ਨਹੀਂ ਹੈ। ਇਸ ‘ਤੇ ਕਾਬੂ ਪਾਉਣ ਲਈ 14,800 ਤੋਂ ਵੱਧ ਡਾਕਟਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਇਸ ਕਮੀ ਨੂੰ ਦੂਰ ਕਰਨ ਲਈ ਨਵੀਂ ਭਰਤੀ ਨਹੀਂ ਕਰ ਰਹੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਰਜ਼ੇ ‘ਚ ਰਾਹਤ ਦੇਣੀ ਚਾਹੀਦੀ ਹੈ, ਤਾਂ ਜੋ ਉਹ ਆਸਾਨੀ ਨਾਲ ਕੋਰਸ ਪੂਰਾ ਕਰ ਸਕਣ। ਇਸ ਦੇ ਨਾਲ ਹੀ ਦੇਖਭਾਲ ਟੀਮ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਟੈਲੀਮੇਡੀਸਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਾਕਟਰਾਂ ਦੀ ਗਿਣਤੀ ਘਟਣ ਦਾ ਇੱਕ ਕਾਰਨ ਨਸਲੀ ਵਿਤਕਰਾ ਵੀ ਹੈ। ਜਰਨਲ ਆਫ਼ ਜਨਰਲ ਇੰਟਰਨਲ ਮੈਡੀਸਨ ਦੇ 2021 ਦੇ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ ਡਾਕਟਰਾਂ ਦੀ ਕੁੱਲ ਗਿਣਤੀ ਵਿੱਚੋਂ ਸਿਰਫ 5.4% ਕਾਲੇ ਹਨ। ਇਹਨਾਂ ਵਿੱਚੋਂ 2.6% ਮਰਦ ਅਤੇ 2.8% ਔਰਤਾਂ ਹਨ।