ਆਕਲੈਂਡ ਦੇ Ormiston ਟਾਊਨ ਸੈਂਟਰ ਵਿਖੇ ਮੰਗਲਵਾਰ ਸਵੇਰੇ ਤਿੰਨ ਪ੍ਰਚੂਨ ਦੁਕਾਨਾਂ ‘ਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਚੋਰਾਂ ਨੇ ਇਲੈਕਟ੍ਰੋਨਿਕਸ ਸਮਾਨ ਅਤੇ ਕੱਪੜੇ ਚੋਰੀ ਕੀਤੇ ਹਨ। ਇੰਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਦੁਪਹਿਰ 1.10 ਵਜੇ ਦੇ ਕਰੀਬ ਵਾਪਰੀ ਇਸ ਵਰਦਾਤ ਦੌਰਾਨ ਲੁਟੇਰਿਆਂ ਨੇ ਤਿੰਨ ਚੋਰੀ ਕੀਤੇ ਵਾਹਨਾਂ ਦੀ ਵਰਤੋਂ ਕੀਤੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਅਪਰਾਧੀਆਂ ਦੇ ਵਿਵਹਾਰ ਅਤੇ ਡਰਾਈਵਿੰਗ ਦੇ ਢੰਗ ਨੇ ਉਸ ਸਮੇਂ ਰਿਟੇਲ ਕੰਪਲੈਕਸ ਵਿੱਚ ਕੰਮ ਕਰ ਰਹੇ ਸੁਰੱਖਿਆ ਅਤੇ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ। ਹਾਲਾਂਕਿ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ।”
ਚੋਰ ਚੋਰੀ ਦੀਆਂ 3 ਗੱਡੀਆਂ ‘ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਔਰਮਿਸਟਨ ਟਾਊਨ ਸੈਂਟਰ ਦੇ ਬੁਲਾਰੇ ਨੇ ਕਿਹਾ ਕਿ: “ਸੈਂਟਰ ਦੇ ਮਾਲਕ ਆਕਲੈਂਡ ਭਰ ਵਿੱਚ ਘਟਨਾਵਾਂ ਵਿੱਚ ਵਾਧੇ ਨੂੰ ਲੈ ਕੇ ਚਿੰਤਤ ਹਨ ਅਤੇ ਸੈਂਟਰ ਵਿੱਚ ਸੁਰੱਖਿਆ ਉਪਾਅ ਵਧਾ ਰਹੇ ਹਨ। ਅਸੀਂ ਪੁਲਿਸ ਨਾਲ ਕੰਮ ਕਰ ਰਹੇ ਹਾਂ ਜੋ ਘਟਨਾ ਦੀ ਜਾਂਚ ਕਰ ਰਹੀ ਹੈ।”