ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਨਿਊਜ਼ੀਲੈਂਡ ਤੋਂ ਆਈ ਹੈ। ਜਿੱਥੇ ਤਿੰਨ ਪੰਜਾਬੀ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋਏ ਹਨ। ਇਸ ਖ਼ਬਰ ਤੋਂ ਬਾਅਦ ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਦਰਅਸਲ ਪਿਛਲੇ ਦਿਨੀਂ ਵੈਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਚ 362ਵਾਂ ਵਿੰਗ ਪਾਸ ਆਊਟ ਹੋਇਆ ਹੈ।
ਇਸ ਵਿਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ (ਗ੍ਰੈਜੂਏਸ਼ਨ) ਕਰਕੇ ਪੁਲਿਸ ਵਿੱਚ ਭਰਤੀ ਹੋਏ ਹਨ। ਇਸ ਪੂਲ ਵਿੱਚ ਪੰਜਾਬੀ ਮੂਲ ਦੇ ਨਵੇਂ ਪੁਲਿਸ ਅਫਸਰ ਵੀ ਸ਼ਾਮਿਲ ਹਨ। ਇਹਨਾਂ ਦੇ ਨਾਂਅ ਹਰਮਨਜੋਤ ਸਿੰਘ ਗੋਰਾਇਆ, ਜਸਕਰਨ ਸਿੰਘ ਅਤੇ ਜਸਲੀਨ ਬਲਵਿੰਦਰ ਹਨ। ਹਰਮਨਜੋਤ ਸਿੰਘ ਗੋਰਾਇਆ ਸਪੁੱਤਰ ਸ. ਸਰੂਪ ਸਿੰਘ ਗੋਰਾਇਆ ਵਿਦਿਆਰਥੀ ਵੀਜ਼ੇ ’ਤੇ ਨਿਊਜ਼ੀਲੈਂਡ ਆਇਆ ਸੀ। ਉਹਨਾਂ ਨੇ 4 ਸਾਲ ਟੌਰੰਗਾ ਸ਼ਹਿਰ ਵਿਖੇ ਸਵੈ-ਸੇਵਕ ਵਜੋਂ ਕਮਿਊਨਿਟੀ ਪੈਟਰੋਲ (ਕ੍ਰਾਈਮ ਵਾਚ) ਨਾਲ ਸਰਵਿਸ ਕੀਤੀ ਹੈ। ਹਰਮਨਜੋਤ ਪਿੰਡ ਨਬੀਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ। ਉਸ ਦੀ ਡਿਊਟੀ ਮੈਨੁਕਾਓ ਕਾਊਂਟੀਜ਼ ਵਿਚ ਲੱਗੀ ਹੈ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਹਰਮਨਜੋਤ ਨੇ ਕਿਹਾ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਕਦੇ ਵੀ ਹੌਸਲਾ ਨਾ ਛੱਡੋ।
23 ਸਾਲਾ ਪੰਜਾਬੀ ਮੂਲ ਦੀ ਜਸਲੀਨ ਬਲਵਿੰਦਰ ਇਕ ਬਾਕਸਰ ਹੈ ਅਤੇ ਉਹ ਇਟਲੀ ਦੀ ਜੰਮਪਲ ਹੈ। 2010 ਵਿਚ ਉਹ ਆਪਣੇ ਮਾਤਾ ਪਿਤਾ ਸ. ਬਲਵਿੰਦਰ ਸਿੰਘ- ਪਰਮਜੀਤ ਕੌਰ ਅਤੇ ਵੱਡੀ ਭੈਣ ਹਰਲੀਨ ਨਾਲ ਟੀਪੁੱਕੀ ਨਿਊਜ਼ੀਲੈਂਡ ਆ ਗਈ ਸੀ। ਉਹਨਾਂ ਦਾ ਪਿਛੋਕੜ ਪਿੰਡ ਬੱਲਾਂ (ਜਲੰਧਰ) ਨਾਲ ਸਬੰਧਿਤ ਹੈ। ਉਹਨਾਂ ਦੀ ਡਿਊਟੀ ਟੌਰੰਗਾ ਪੁਲਿਸ ਸਟੇਸ਼ਨ ਵਿਖੇ ਲੱਗੇਗੀ।