ਆਕਲੈਂਡ ਦੇ ਓਟਾਰਾ ਵਿੱਚ ਅੱਜ ਸਵੇਰੇ ਟੋਆ ਸਮੋਆ ਸਮਰਥਕਾਂ ਦੇ ਇੱਕ ਕਥਿਤ ਇਕੱਠ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਓਟਾਰਾ ਟਾਊਨ ਸੈਂਟਰ ਵਿੱਚ ਲਗਭਗ 800 ਤੋਂ 1000 ਲੋਕ ਸਨ। ਵੱਡੀ ਗਿਣਤੀ ਵਿੱਚ ਵਾਹਨ ਵੀ ਮੌਜੂਦ ਸਨ। ਟੋਆ ਸਮੋਆ ਪਿਛਲੇ ਹਫਤੇ ਆਸਟਰੇਲੀਆ ਤੋਂ ਰਗਬੀ ਵਿਸ਼ਵ ਕੱਪ ਫਾਈਨਲ ਹਾਰ ਗਿਆ ਸੀ ਪਰ ਇਸ ਨੇ ਸਮਰਥਕਾਂ ਨੂੰ ਟੀਮ ਦਾ ਜਸ਼ਨ ਮਨਾਉਣ ਤੋਂ ਨਹੀਂ ਰੋਕਿਆ। ਟੋਆ ਸਮੋਆ ਨੇ ਪਹਿਲਾਂ ਟੋਂਗਾ ਨੂੰ 20-18 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਫਿਰ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 27-26 ਨਾਲ ਹਰਾਇਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅਧਿਕਾਰੀਆਂ ‘ਤੇ ਬੋਤਲਾਂ ਸੁੱਟੇ ਜਾਣ ਦੀਆਂ ਰਿਪੋਰਟਾਂ ਹਨ।
ਸਾਹਮਣੇ ਆਈ ਫੁਟੇਜ ਵਿੱਚ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਨੇ ਹੈਲਮੇਟ ਪਾਏ ਹੋਏ ਹਨ ਅਤੇ ਕੁੱਝ ਨੇ ਸਮਰਥਕਾਂ ਨੂੰ ਹਟਾਉਣ ਲਈ ਹੱਥਾਂ ‘ਚ shields ਚੁੱਕੀਆਂ ਹੋਈਆਂ ਹਨ ਅਤੇ ਟਾਊਨ ਸੈਂਟਰ ‘ਚ ਉਤਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸ਼ਰਾਬ ਦੀਆਂ ਖਾਲੀ ਬੋਤਲਾਂ ਕੁੱਝ ਟੁੱਟੀਆਂ ਹੋਈਆਂ ਅਤੇ ਜ਼ਮੀਨ ‘ਤੇ ਖਿੱਲਰੀਆਂ ਵੀ ਨਜ਼ਰ ਆ ਰਹੀਆਂ ਸਨ। ਇਸ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ – ਦੋ ਨੂੰ ਗੜਬੜ ਲਈ ਅਤੇ ਇੱਕ ਨੂੰ ਪੁਲਿਸ ‘ਤੇ ਹਮਲਾ ਕਰਨ ਲਈ। ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਦਰਮਿਆਨੀ ਸੱਟਾਂ ਵਾਲੇ ਦੋ ਮਰੀਜ਼ਾਂ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਸੀ।