ਅਕਸਰ ਕਹਿੰਦੇ ਨੇ ਕਿ ਪਰਮਾਤਮਾ ਅੱਗੇ ਸੱਚੇ ਦਿਲੋਂ ਕੀਤੀ ਅਰਦਾਸ ਨੂੰ ਫਲ ਜਰੂਰ ਲੱਗਦਾ ਹੈ। ਬੁੱਧਵਾਰ ਨੂੰ ਵੀ ਪਰਮਾਤਮਾ ਦੀ ਮਿਹਰ ਦਾ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਟਾਕਾਨਿਨੀ ਗੁਰੂਘਰ ‘ਚ ਅਰਦਾਸ ਕਰ ਸ਼ੁਰੂ ਕੀਤਾ ਗਿਆ ਕੰਮ ਨੇਪਰੇ ਚੜ੍ਹਿਆ ਹੈ। ਜਾਣਕਾਰੀ ਅਨੁਸਾਰ ਟਾਕਾਨਿਨੀ ਗੁਰੂ ਦਰਬਾਰ ‘ਚ ਸਾਰੇ ਪ੍ਰਚਾਰਕਾਂ ਨੂੰ ਇਕੱਠੇ ਕਰਕੇ ਗੁਰੂ ਸਾਹਿਬ ਨੂੰ ਗਵਾਹ ਬਣਾ ਕੇ ਇੱਕ ਅਰਦਾਸ ਕੀਤੀ ਗਈ ਸੀ ਕੇ ਸਿੱਖ ਸੰਸਥਾਵਾਂ ਸਾਰੇ ਪ੍ਰਚਾਰਕਾਂ ਨੂੰ ਨਿਊਜ਼ੀਲੈਂਡ ‘ਚ ਪੱਕੇ ਕਰਵਾਉਣਗੀਆਂ। ਇਸ ਕਾਰਜ ਦੇ ਲਈ ਭਾਵੇ ਕੋਈ ਵੀ ਪਾਪੜ ਕਿਉਂ ਨਾ ਵੇਲਣਾ ਪਏ। ਜਿਸ ਤੋਂ ਬਾਅਦ ਹੁਣ ਉਹ ਦਿਨ ਆ ਗਿਆ ਕੇ ਉਹਨਾਂ ਵਿੱਚੋ 26 ਦੇ 26 ਹੀ ਨਿਊਜ਼ੀਲੈਂਡ ‘ਚ ਪੱਕੇ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਿਕ ਭਾਈ ਦੀਪ ਸਿੰਘ ਆਖਿਰੀ ਰਹਿੰਦੇ ਸਨ ਜਿਹਨਾਂ ਦੀ PR ਅੱਜ ਆਈ ਹੈ ਯਾਨੀ ਕਿ ਰਿਜਲਟ 100 ਫੀਸਦੀ ਰਿਹਾ ਹੈ। ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ Kwik Kiwi ਤੋ ਸਰਬ ਅਤੇ ਪ੍ਰੀਤੀ ਨੇ ਇਹ ਸਾਰੇ ਕੇਸ ਲੜੇ ਸਨ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਹਨ। ਵੀਰ ਜਗਜੀਤ ਸਿੱਧੂ ਨੇ ਵੀ ਤਿੰਨ ਸਿੰਘਾਂ ਦੀ ਸੇਵਾ ਕੀਤੀ ਸੀ। ਇਸ ਸਬੰਧੀ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਇਹਨਾਂ ਸਾਰੇ ਅਡਵਾਈਜਰਾਂ ਦਾ , ਸਾਰੀਆਂ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ, “ਆਸ ਹੈ ਸਾਰੇ ਪ੍ਰਚਾਰਕ ਆਪਣੇ ਪਰਿਵਾਰਾਂ ਸਮੇਤ ਗੁਰੂ ਬਾਣੇ ‘ਚ ਸਜੇ ਰਹਿਣਗੇ”। ਇਸ ਸਬੰਧੀ ਅੱਗੇ ਲਿਖਿਆ ਗਿਆ ਹੈ ਕਿ, “ਸਾਰੇ ਪ੍ਰਚਾਰਕਾਂ ਵੱਲੋਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ਼ੁੱਕਰਵਾਰ, 1 ਸਤੰਬਰ 2023 ਨੂੰ ਟਾਕਾਨਿਨੀ ਗੁਰੂ ਘਰ ‘ਚ ਰਾਗ ਦਰਬਾਰ ਸਜਾਇਆ ਜਾਵੇਗਾ ਅਤੇ ਸਾਰੀ ਸੰਗਤ ਉਹਨਾਂ ਦਾ ਪਰਿਵਾਰ ਹੈ ਜਿਸਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ”। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਦੀਵਾਨ1 ਸਤੰਬਰ ਸ਼ਾਮ 6 ਵਜੇ ਤੋਂ ਰਾਤ 10 ਤੱਕ ਸਜਣਗੇ ।