ਨਿਊਜ਼ੀਲੈਂਡ ਪੁਲਿਸ ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਆਕਲੈਂਡ ਅਤੇ ਕ੍ਰਾਈਸਟਚਰਚ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ‘ਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਡੈਰਿਨ ਥਾਮਸਨ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ‘ਤੇ ਕਲਾਸ ਏ ਡਰੱਗਜ਼, ਹਥਿਆਰ ਰੱਖਣ ਅਤੇ ਮਨੀ ਲਾਂਡਰਿੰਗ ਸਮੇਤ ਗੰਭੀਰ ਦੋਸ਼ ਹਨ। ਉਨ੍ਹਾਂ ਨੇ ਕਿਹਾ ਕਿ 12 ਮਹੀਨਿਆਂ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ ਪੁਲਿਸ ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ (ਐਨ.ਓ.ਸੀ.ਜੀ.) ਨੇ ਓਪਰੇਸ਼ਨ ਇਟਾਲੀਅਨ ਸਕਾਈ (ਕ੍ਰਾਈਸਟਚਰਚ) ਅਤੇ ਆਪ੍ਰੇਸ਼ਨ ਸੁਮਾਤਰਾ (ਆਕਲੈਂਡ) ਚਲਾਏ ਹਨ, ਜੋ ਕਿ ਮਲਟੀ-ਮਿਲੀਅਨ ਡਾਲਰ ਦੀ ਸ਼੍ਰੇਣੀ ‘ਤੇ ਚੱਲ ਰਹੇ ਸੰਗਠਿਤ ਅਪਰਾਧ ਸਮੂਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।
“ਪਿਛਲੇ ਚਾਰ ਹਫ਼ਤਿਆਂ ਵਿੱਚ ਪੁਲਿਸ ਨੇ ਕ੍ਰਾਈਸਟਚਰਚ ਅਤੇ ਆਕਲੈਂਡ ਵਿੱਚ ਕੁੱਲ 32 ਸਰਚ ਵਾਰੰਟਾਂ ਨੂੰ ਅੰਜਾਮ ਦੇਣ ਦੇ ਨਾਲ ਕਾਰਵਾਈਆਂ ਨੂੰ ਪੂਰਾ ਕੀਤਾ ਹੈ। ਪੁਲਿਸ ਦੀ ਗਤੀਵਿਧੀ ਦੇ ਹਿੱਸੇ ਵਜੋਂ 50 ਤੋਂ ਵੱਧ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਹੈ।” 24 ਗ੍ਰਿਫਤਾਰੀਆਂ ਵਿੱਚ ਕ੍ਰਾਈਸਟਚਰਚ ਦੇ 11 ਅਤੇ ਆਕਲੈਂਡ ਦੇ 13 ਵਿਅਕਤੀ ਸ਼ਾਮਿਲ ਹਨ, ਜਿਨ੍ਹਾਂ ਵਿੱਚੋਂ 22 ਪੁਰਸ਼ ਅਤੇ ਦੋ ਔਰਤਾਂ ਹਨ, ਜਿਨ੍ਹਾਂ ਦੀ ਉਮਰ 20 ਤੋਂ 50 ਦੇ ਵਿਚਕਾਰ ਹੈ। ਥਾਮਸਨ ਨੇ ਕਿਹਾ ਕਿ ਜ਼ਬਤ ਕੀਤੀ ਗਈ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਅੰਦਾਜ਼ਨ ਕੀਮਤ ਲਗਭਗ $3 ਮਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਤਲਾਸ਼ੀ ਅਤੇ ਗ੍ਰਿਫਤਾਰੀਆਂ ਹੋ ਸਕਦੀਆਂ ਹਨ।