ਨਿਊਜ਼ੀਲੈਂਡ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਫਿਰ ਇੱਕ ਵਾਰ ਦੇਸ਼ ਵਿੱਚ ਕੋਵਿਡ -19 ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਮਾਮਲਿਆਂ ਦੀ ਕੁੱਲ ਗਿਣਤੀ ਹੁਣ 72 ਹੋ ਗਈ ਹੈ। ਅੱਜ ਦੇ ਨਵੇਂ ਮਾਮਲਿਆਂ ਵਿੱਚ 20 ਆਕਲੈਂਡ ਤੋਂ ਅਤੇ ਇੱਕ ਵੈਲਿੰਗਟਨ ਦਾ ਮਾਮਲਾ ਸ਼ਾਮਿਲ ਹੈ। ਵੈਲਿੰਗਟਨ ਕੇਸ ਕੱਲ੍ਹ ਰਿਪੋਰਟ ਕੀਤਾ ਗਿਆ ਸੀ, ਪਰ ਰਾਸ਼ਟਰੀ ਗਿਣਤੀ ਵਿੱਚ ਇਸ ਨੂੰ ਐਤਵਾਰ ਨੂੰ ਸ਼ਾਮਿਲ ਕੀਤਾ ਗਿਆ ਹੈ ਇਸ ਲਈ ਰਾਜਧਾਨੀ ਵਿੱਚ ਹੁਣ ਕੁੱਲ ਛੇ ਮਾਮਲੇ ਹਨ। ਕੋਵਿਡ -19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ: ਐਸ਼ਲੇ ਬਲੂਮਫੀਲਡ ਨੇ ਅੱਜ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਬਲੂਮਫੀਲਡ ਨੇ ਕਿਹਾ ਕਿ ਇਸ ਪ੍ਰਕੋਪ ਦੇ ਕੁੱਲ ਮਾਮਲਿਆਂ ਵਿੱਚੋਂ 61 ਦੀ ਹੁਣ ਆਕਲੈਂਡ ਸਮੂਹ ਦੇ ਹਿੱਸੇ ਵਜੋਂ ਪੁਸ਼ਟੀ ਕੀਤੀ ਗਈ ਹੈ; ਬਾਕੀ 11 ਜਾਂਚ ਅਧੀਨ ਹਨ। ਬਲੂਮਫੀਲਡ ਨੇ ਕਿਹਾ ਕਿ ਕੇਸਾਂ ਦਾ ਮੁਲਾਂਕਣ ਇੱਕ ਸਪਸ਼ਟ ਲਿੰਕ ਦਰਸਾਉਂਦਾ ਹੈ। ਇਸ ਸਮੇ ਕੋਵਿਡ -19 ਕਾਰਨ ਪੰਜ ਲੋਕ ਹਸਪਤਾਲ ਵਿੱਚ ਹਨ ਪਰ ਕੋਈ ਵੀ ਆਈਸੀਯੂ ਵਿੱਚ ਨਹੀਂ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਕਾਰਨ ਫਿਲਹਾਲ ਲਾਗੂ ਕੀਤੀਆਂ ਗਈਆਂ ਪਬੰਦੀਆਂ ਦੇ ਵਿੱਚ ਕੋਈ ਢਿੱਲ ਮਿਲਣ ਦੀ ਉਮੀਦ ਨਹੀਂ ਹੈ।