ਐਤਵਾਰ ਨੂੰ ਕਮਿਊਨਿਟੀ ਵਿੱਚ ਕੋਵਿਡ-19 ਦੇ 207 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਆਕਲੈਂਡ ਵਿੱਚ 192, ਵਾਈਕਾਟੋ ਵਿੱਚ ਸੱਤ, ਨੌਰਥਲੈਂਡ ਵਿੱਚ ਦੋ, ਲੇਕਸ ਡਿਸਟ੍ਰਿਕਟ ਵਿੱਚ ਚਾਰ ਅਤੇ ਮਿਡਸੈਂਟਰਲ (ਤਾਰਾਰੂਆ) ਵਿੱਚ ਦੋ ਮਾਮਲੇ ਹਨ, ਨਿਊਜ਼ੀਲੈਂਡ ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਰੋਟੋਰੂਆ ਵਿੱਚ ਇੱਕ ਵਾਧੂ ਕੇਸ ਹੈ ਜੋ ਐਤਵਾਰ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਹੈ ਅਤੇ ਸੋਮਵਾਰ ਦੇ ਕੇਸਾਂ ਦੀ ਗਿਣਤੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਲੇਕਸ ਅਤੇ ਤਾਰਾਰੂਆ ਜ਼ਿਲ੍ਹਿਆਂ ਵਿੱਚ ਨਵੇਂ ਮਾਮਲੇ ਐਤਵਾਰ ਨੂੰ ਪਹਿਲਾਂ ਸਾਹਮਣੇ ਆਏ ਸਨ।
ਇਸ ਤੋਂ ਇਲਾਵਾ ਆਕਲੈਂਡ ਵਿੱਚ, ਮੰਤਰਾਲੇ ਨੇ ਇੱਕ ਹੋਰ ਕੋਵਿਡ -19 ਮੌਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੰਤਰਾਲੇ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਅਸੀਂ ਬੀਤੀ ਰਾਤ ਨੌਰਥ ਸ਼ੋਰ ਹਸਪਤਾਲ ਵਿੱਚ 90 ਸਾਲਾਂ ਦੀ ਇੱਕ ਔਰਤ ਦੀ ਮੌਤ ਦੀ ਰਿਪੋਰਟ ਸਾਂਝੀ ਕਰ ਰਹੇ ਹਾਂ। ਔਰਤ ਦੀ ਕਈ ਅੰਤਰੀਵ ਸਿਹਤ ਸਥਿਤੀਆਂ ਸਨ ਅਤੇ ਕੋਵਿਡ -19 ਸੀ।” ਮਹਿਲਾ ਐਡਮੰਟਨ ਮੀਡੋਜ਼ ਕੇਅਰ ਹੋਮ ਦੀ ਵਸਨੀਕ ਸੀ ਜਿੱਥੇ 25 ਕੋਵਿਡ -19 ਕੇਸ ਸਾਹਮਣੇ ਆਏ ਹਨ। ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 5578 ਹੀ ਗਈ ਹੈ, ਜਿਨ੍ਹਾਂ ਵਿੱਚੋਂ 2036 ਠੀਕ ਹੋ ਚੁੱਕੇ ਹਨ।
ਹਸਪਤਾਲ ਵਿੱਚ ਕੋਵਿਡ -19 ਵਾਲੇ 90 ਲੋਕ ਹਨ, ਜਿਨ੍ਹਾਂ ਵਿੱਚੋਂ ਚਾਰ ਦਾ ਅਜੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ, ਸੱਤ ਇੰਟੈਂਸਿਵ ਕੇਅਰ ਜਾਂ ਇੱਕ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਆਕਲੈਂਡ ਸਿਟੀ ਹਸਪਤਾਲ ਵਿੱਚ 38, ਮਿਡਲਮੋਰ ਅਤੇ ਨੌਰਥ ਸ਼ੋਰ ਹਸਪਤਾਲਾਂ ਵਿੱਚ 24-24, ਵੈਟਕੇਰੇ ਹਸਪਤਾਲ ਵਿੱਚ ਦੋ, ਅਤੇ ਵੰਗਾਰੇਈ ਅਤੇ ਦਰਗਾਵਿਲ ਹਸਪਤਾਲਾਂ ਵਿੱਚ ਇੱਕ-ਇੱਕ ਮਾਮਲਾ ਹੈ। ਹਸਪਤਾਲ ਵਿੱਚ ਕੋਵਿਡ-19 ਵਾਲੇ ਲੋਕਾਂ ਦੀ ਔਸਤ ਉਮਰ 50 ਸਾਲ ਹੈ।
ਇਸ ਦੌਰਾਨ, ਆਕਲੈਂਡ ਵਿੱਚ ਪਬਲਿਕ ਹੈਲਥ ਸਟਾਫ 3972 ਲੋਕਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ, ਜਿਸ ਵਿੱਚ 1773 ਕੇਸ ਸ਼ਾਮਿਲ ਹਨ। ਵਾਈਕਾਟੋ ਖੇਤਰ ਵਿੱਚ, 272 ਲੋਕ ਘਰ ਵਿੱਚ ਏਕਾਂਤਵਾਸ ਹਨ, ਜਿਨ੍ਹਾਂ ਵਿੱਚ 82 ਕੇਸ ਸ਼ਾਮਿਲ ਹਨ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਹੁਣ 8331 ਤੱਕ ਪਹੁੰਚ ਗਈ ਹੈ।