ਸੂਬੇ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਸਜ਼ਾ ਹੋਈ ਹੈ। ਮੋਗਾ ਦੇ ਪਿੰਡ ਮੱਲਕੇ ‘ਚ 7 ਸਾਲ ਪਹਿਲਾਂ ਹੋਏ ਬੇਅਦਬੀ ਮਾਮਲੇ ‘ਚ 3 ਡੇਰਾ ਪ੍ਰੇਮੀਆਂ ਨੂੰ ਸਜ਼ਾ ਹੋ ਚੁੱਕੀ ਹੈ। ਮੋਗਾ ਅਦਾਲਤ ਨੇ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਵਿੱਚ 2 ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਦੋਸ਼ੀ ਅਮਰਦੀਪ ਸਿੰਘ ਦੀਪਾ, ਮਿੱਠੂ ਸਿੰਘ ਮਾਨ ਅਤੇ ਪ੍ਰਿਥਵੀਰ ਸਿੰਘ ਪਿਰਥੀ ਨੂੰ ਜੇਲ ਭੇਜ ਦਿੱਤਾ ਗਿਆ ਹੈ। ਸਤਨਾਮ ਸਿੰਘ ਅਤੇ ਜਤਿੰਦਰ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਮਾਮਲੇ ਨਾਲ ਸਬੰਧਤ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ 4 ਨਵੰਬਰ 2015 ਨੂੰ ਪਿੰਡ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬਰਾਮਦ ਹੋਏ ਸਨ। ਪਾਵਨ ਸਰੂਪ ਦੇ ਅੰਗ ਬਰਗਾੜੀ ਡਰੇਨ ‘ਚੋਂ ਮਿਲੇ ਸਨ। ਇਸ ਸਬੰਧੀ ਥਾਣਾ ਸਮਾਲਸਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਦੀ ਜਾਂਚ ਜਾਰੀ ਰਹੀ। ਬਰਗਾੜੀ ਕਾਂਡ ਨੂੰ ਟਰੇਸ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਵੀ ਡੇਰਾ ਪ੍ਰੇਮੀਆਂ ਨੇ ਹੀ ਕੀਤਾ ਸੀ। ਇਨ੍ਹਾਂ ਮੁਲਜ਼ਮਾਂ ਨੂੰ ਅਕਤੂਬਰ ਅਤੇ ਨਵੰਬਰ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੋਵਿਡ ਕਾਰਨ ਸੁਣਵਾਈ ਪੂਰੀ ਹੋਣ ਤੋਂ ਬਾਅਦ ਕੋਈ ਹੋਰ ਕਾਰਵਾਈ ਨਹੀਂ ਕੀਤੀ ਜਾ ਸਕੀ। ਫਿਰ ਇਹ ਹਾਈਕੋਰਟ ਅਤੇ ਸੁਪਰੀਮ ਕੋਰਟ ਤੱਕ ਗਿਆ। ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਫਲ ਨਹੀਂ ਹੋਏ।