ਨਿਊਜ਼ੀਲੈਂਡ ‘ਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਪਰ ਹੁਣ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇੰਨ੍ਹਾਂ ਚੋਰੀਆਂ ‘ਚ ਜਿਆਦਾਤਰ ਨਬਾਲਗ ਨੌਜਵਾਨ ਸ਼ਾਮਿਲ ਹਨ, ਜਿਸ ਕਾਰਨ ਪੁਲਿਸ ਦੇ ਨਾਲ ਨਾਲ ਮਾਪਿਆਂ ਦੀ ਵੀ ਚਿੰਤਾ ਵੱਧ ਗਈ ਹੈ। ਤਾਜ਼ਾ ਮਾਮਲਾ ਆਕਲੈਂਡ ਉਪਨਗਰ ਮਿਲਫੋਰਡ ਤੋਂ ਸਾਹਮਣੇ ਆਇਆ ਹੈ ਜਿੱਥੇ 16 ਸਾਲਾਂ ਦੇ ਦੋ ਨੌਜਵਾਨਾਂ ਨੂੰ ਇੱਕ ਡਕੈਤੀ ਅਤੇ ਗੱਡੀਆਂ ਦੇ ਟਾਇਰਾਂ ਨੂੰ ਕੱਟਣ ਦੇ ਮਾਮਲੇ ਨਾਲ ਜੁੜੇ ਹੋਣ ਮਗਰੋਂ ਗ੍ਰਿਫਤਾਰ ਕਰ ਨੌਜਵਾਨਾਂ ਦੀ ਸਹਾਇਤਾ ਲਈ ਰੈਫਰ ਕੀਤਾ ਗਿਆ ਹੈ।
ਵੈਤੇਮਾਤਾ ਈਸਟ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 19 ਅਪ੍ਰੈਲ ਦੇ ਤੜਕੇ ਵਾਪਰੀਆਂ ਘਟਨਾਵਾਂ ਵਿੱਚ $10,000 ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਕਿਹਾ, “ਨੌਜਵਾਨ ਉਸੇ ਰਾਤ ਇੱਕ ਨੇੜਲੇ ਅਹਾਤੇ ਵਿੱਚ ਇੱਕ ਚੋਰੀ ਨਾਲ ਜੁੜੇ ਹੋਏ ਸਨ ਜਿੱਥੇ ਸ਼ਰਾਬ ਚੋਰੀ ਹੋਈ ਸੀ, ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਪੜਾਅ ‘ਤੇ ਪੁਲਿਸ ਨੂੰ 13 ਵਾਹਨਾਂ ਬਾਰੇ ਪਤਾ ਹੈ ਜਿਨ੍ਹਾਂ ਦੇ ਟਾਇਰ 19 ਅਪ੍ਰੈਲ, 2022 ਨੂੰ ਸਟੈਨਲੀ ਐਵੇਨਿਊ ‘ਤੇ ਕੱਟੇ ਗਏ ਸਨ।”
ਮਿਲਫੋਰਡ ਕਰੂਜ਼ਿੰਗ ਕਲੱਬ ਦੇ ਕਮੋਡੋਰ ਐਂਡਰਿਊ ਰੌਬਰਟਸਨ ਨੇ ਦੱਸਿਆ ਕਿ ਚਾਰ ਨੌਜਵਾਨ ਜਨਵਰੀ ਤੋਂ ਉਨ੍ਹਾਂ ਦੇ ਅਹਾਤੇ ‘ਤੇ ਦੋ ਚੋਰੀਆਂ ਵਿੱਚ ਸ਼ਾਮਿਲ ਸਨ। ਇਸ ਦੌਰਾਨ ਭੰਨਤੋੜ ਵੀ ਕੀਤੀ ਗਈ ਸੀ। ਰੌਬਰਟਸਨ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।