ਇਟਲੀ ‘ਚ ਮੰਗਲਵਾਰ ਨੂੰ ਏਅਰ ਫੋਰਸ ਦੇ ਦੋ ਜਹਾਜ਼ ਹਵਾ ‘ਚ ਆਪਸ ‘ਚ ਟਕਰਾ ਗਏ, ਹਾਦਸੇ ‘ਚ ਪਾਇਲਟਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਭਿਆਸ ਦੌਰਾਨ ਵਾਪਰੀ ਹੈ। ਜਦੋਂ ਹਵਾ ਵਿੱਚ ਅਭਿਆਸ ਕਰ ਰਹੇ ਦੋ ਜਹਾਜ਼ ਇੱਕ ਦੂਜੇ ਨਾਲ ਟਕਰਾ ਕੇ ਜ਼ਮੀਨ ‘ਤੇ ਡਿੱਗ ਗਏ। ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ ਪਾਇਲਟਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਹਵਾਈ ਸੈਨਾ ਦੁਆਰਾ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ, ਦੋਵੇਂ ਪਾਇਲਟ ਇੱਕ U-208 ਸਿਖਲਾਈ ਜਹਾਜ਼ ਉਡਾ ਰਹੇ ਸਨ ਜਦੋਂ ਇਹ ਹਾਦਸਾ ਰੋਮ ਦੇ ਉੱਤਰ-ਪੂਰਬ ਵਿੱਚ ਲਗਭਗ 25 ਕਿਲੋਮੀਟਰ (15 ਮੀਲ) ਸਥਿਤ ਗਾਈਡੋਨੀਆ ਫੌਜੀ ਹਵਾਈ ਅੱਡੇ ਦੇ ਨੇੜੇ ਵਾਪਰਿਆ। ਹਵਾ ਤੋਂ ਜ਼ਮੀਨ ‘ਤੇ ਆਏ ਜਹਾਜ਼ ‘ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟ ਮੁਤਾਬਿਕ ਫਿਲਹਾਲ ਇਸ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਜਾਂਚ ਲਈ ਟੀਮ ਬਣਾਈ ਗਈ ਹੈ। ਇਸ ਹਾਦਸੇ ‘ਤੇ ਸੋਗ ਪ੍ਰਗਟ ਕਰਦੇ ਹੋਏ ਇਟਲੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਗਾਈਡੋਨੀਆ ਨੇੜੇ ਟਰੇਨਿੰਗ ਦੌਰਾਨ ਹੋਏ ਹਾਦਸੇ ‘ਚ ਏਅਰ ਫੋਰਸ ਦੇ ਦੋ ਪਾਇਲਟਾਂ ਦੇ ਮਾਰੇ ਜਾਣ ਦੀ ਖਬਰ ਤੋਂ ਬਹੁਤ ਦੁਖੀ ਹਾਂ।