ਨਿਊਜ਼ੀਲੈਂਡ ‘ਚ ਸਖਤ ਪਬੰਦੀਆਂ ਲਾਗੂ ਹੋਣ ਦੇ ਬਾਵਜੂਦ ਨਿਰੰਤਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਸੋਮਵਾਰ ਨੂੰ ਕਮਿਊਨਿਟੀ ਵਿੱਚ 190 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਆਕਲੈਂਡ ਵਿੱਚ 182, ਵਾਈਕਾਟੋ ਵਿੱਚ ਸੱਤ ਅਤੇ ਨੌਰਥਲੈਂਡ ਵਿੱਚ ਇੱਕ ਹੈ। ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 4541 ਹੋ ਗਈ ਹੈ, ਜਿਨ੍ਹਾਂ ਵਿੱਚੋਂ 1823 ਠੀਕ ਹੋ ਚੁੱਕੇ ਹਨ। ਹੁਣ ਹਸਪਤਾਲ ਵਿੱਚ ਕੋਵਿਡ -19 ਦੇ 81 ਮਰੀਜ਼ ਹਨ, ਜਿਨ੍ਹਾਂ ਵਿੱਚ ਸੱਤ ਇੰਟੈਂਸਿਵ ਕੇਅਰ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ।
ਆਕਲੈਂਡ ਸਿਟੀ ਹਸਪਤਾਲ ਵਿੱਚ 27, ਮਿਡਲਮੋਰ ਹਸਪਤਾਲ ਅਤੇ ਨੌਰਥ ਸ਼ੋਰ ਹਸਪਤਾਲ ਵਿੱਚ 26-26, ਅਤੇ ਵੈਟਕੇਰੇ ਹਸਪਤਾਲ ਅਤੇ ਵੰਗਾਰੇਈ ਹਸਪਤਾਲ ਵਿੱਚ ਇੱਕ-ਇੱਕ ਮਰੀਜ਼ ਹੈ। ਹਸਪਤਾਲ ਵਿੱਚ ਕੋਵਿਡ -19 ਵਾਲੇ ਲੋਕਾਂ ਦੀ ਔਸਤ ਉਮਰ 51 ਸਾਲ ਹੈ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਹੁਣ 7287 ਹੋ ਗਈ ਹੈ। ਦੱਸ ਦੇਈਏ ਕਿ ਐਤਵਾਰ ਨੂੰ 113 ਅਤੇ ਸ਼ਨੀਵਾਰ ਨੂੰ ਰਿਕਾਰਡ 206 ਨਵੇਂ ਮਾਮਲੇ ਸਾਹਮਣੇ ਆਏ ਸੀ।