ਉੱਤਰੀ ਅਮਰੀਕਾ ਦੇ ਦੇਸ਼ ਮੈਕਸੀਕੋ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਮੰਗਲਵਾਰ (30 ਜਨਵਰੀ, 2024) ਦੀ ਸਵੇਰ ਨੂੰ ਇੱਕ ਕਾਰਗੋ ਟਰੱਕ ਅਤੇ ਇੱਕ ਯਾਤਰੀ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਇਸ ਦੌਰਾਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦਕਿ 18 ਹੋਰ ਜ਼ਖਮੀ ਵੀ ਹੋਏ ਹਨ। ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਗੱਡੀ ਲਗਭਗ ਤਬਾਹ ਹੋ ਗਈ ਸੀ। ਹਾਦਸੇ ਤੋਂ ਬਾਅਦ ਮੌਕੇ ਤੋਂ ਲਈਆਂ ਗਈਆਂ ਤਸਵੀਰਾਂ ‘ਚ ਬੱਸ ਦਾ ਸਿਰਫ ਫਰੇਮ ਹੀ ਦਿਖਾਈ ਦੇ ਰਿਹਾ ਸੀ।
‘ਏਬੀਸੀ ਨਿਊਜ਼’ ਦੀ ਰਿਪੋਰਟ ਮੁਤਾਬਿਕ ਬੱਸ ਵਿੱਚ ਕੁੱਲ 37 ਲੋਕ ਸਵਾਰ ਸਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਮਜ਼ਾਟਲਾਨ ਤੋਂ ਲਾਸ ਮੋਚਿਸ ਸ਼ਹਿਰ ਜਾ ਰਹੀ ਸੀ। ਸਟੇਟ ਸਿਵਲ ਡਿਫੈਂਸ ਦਫਤਰ ਦੇ ਨਿਰਦੇਸ਼ਕ ਰਾਏ ਨਵਾਰੇਤੇ ਨੇ ਦੱਸਿਆ ਕਿ ਇਹ ਹਾਦਸਾ ਬੰਦਰਗਾਹ ਸ਼ਹਿਰ ਮਜ਼ਾਤਲਾਨ ਨੇੜੇ ਅਲੋਟਾ ਟਾਊਨਸ਼ਿਪ ‘ਚ ਵਾਪਰਿਆ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦਕਿ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।