ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 18 ਜੂਨ ਤੋਂ ਸਾਊਥੈਮਪਟਨ ਵਿੱਚ ਖੇਡਿਆ ਜਾਵੇਗਾ । ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਭਲਕੇ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਕਪਤਾਨ ਕੋਹਲੀ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਫਾਈਨਲ ਮੈਚ ਵਿੱਚ ਹਿੱਸਾ ਲੈਣ ਵਾਲੇ 11 ਖਿਡਾਰੀਆਂ ਦਾ ਐਲਾਨ ਕੀਤਾ ਹੈ। ਖਿਤਾਬੀ ਮੈਚ ਵਿੱਚ ਭਾਰਤ ਨੇ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿੰਨਰਾਂ ਨਾਲ ਖੇਡਣ ਦਾ ਫੈਸਲਾ ਕੀਤਾ ਹੈ।
18 ਤੋਂ 22 ਜੂਨ ਤੱਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ WTC ਦਾ ਫਾਈਨਲ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਇਸ ਇਤਿਹਾਸਕ ਮੈਚ ਵਿੱਚ ਰੋਹਿਤ ਸ਼ਰਮਾ ਅਤੇ ਸ਼ੁਬਮਨ ਗਿੱਲ ਭਾਰਤ ਵੱਲੋ ਪਾਰੀ ਦੀ ਸ਼ੁਰੂਆਤ ਕਰਨਗੇ। ਗਿੱਲ ਨੇ ਪਿਛਲੇ ਸਾਲ ਆਸਟ੍ਰੇਲੀਆ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਦੋਂ ਤੋਂ ਹੀ ਗਿੱਲ ਲਗਾਤਾਰ ਟੈਸਟ ਟੀਮ ਦਾ ਹਿੱਸਾ ਰਿਹਾ ਹੈ। ਇਸਦੇ ਨਾਲ ਹੀ, ਰਿਸ਼ਭ ਪੰਤ ਨੇ ਵੀ ਫਾਈਨਲ ਮੈਚ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਪਤਾਨ ਵਿਰਾਟ ਕੋਹਲੀ ਨੇ ਸਾਊਥੈਮਪਟਨ ਦੀ ਹਰੀ ਪਿੱਚ ‘ਤੇ ਦੋ ਸਪਿਨਰਾਂ ਨਾਲ ਉਤਰਨ ਦਾ ਫੈਸਲਾ ਕੀਤਾ ਹੈ। ਕੋਹਲੀ ਨੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ੀ ਵਿੱਚ ਤਜ਼ਰਬੇ ਵਾਲੇ ਖਿਡਾਰੀਆਂ ਨੂੰ ਰੱਖਿਆ ਗਿਆ ਹੈ। ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੀ ਤਿਕੜੀ ਫਾਈਨਲ ‘ਚ ਉਤਰੇਗੀ।
ਫਾਈਨਲ ਮੈਚ ਲਈ ਭਾਰਤੀ ਟੀਮ : ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ।