ਜਾਰਜੀਆ ਦੇ ਗੁਡੌਰੀ ‘ਚ ਇੱਕ ਭਾਰਤੀ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਮਿਲਣ ਨਾਲ ਪੂਰੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਘਟਨਾ ਕਾਰਬਨ ਮੋਨੋਆਕਸਾਈਡ ਫੈਲਣ ਕਾਰਨ ਵਾਪਰੀ ਹੈ। ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਮੁਢਲੀ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਕੋਈ ਜ਼ਖਮੀ ਜਾਂ ਹਿੰਸਾ ਦੇ ਲੱਛਣ ਨਹੀਂ ਹਨ।
ਮੀਡੀਆ ਰਿਪੋਰਟਾਂ ਅਤੇ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਸਾਰੀਆਂ ਮੌਤਾਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਹੋਈਆਂ ਹਨ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਸਥਿਤ ਬੈੱਡਰੂਮ ਦੇ ਕੋਲ ਪਾਵਰ ਜਨਰੇਟਰ ਰੱਖਿਆ ਹੋਇਆ ਸੀ, ਜਿਸ ਨੂੰ ਬਿਜਲੀ ਕੱਟਣ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ। ਜਨਰੇਟਰ ਚੱਲਣ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਬੰਦ ਕਮਰੇ ‘ਚ ਜਮ੍ਹਾ ਹੋ ਗਈ, ਜਿਸ ਕਾਰਨ ਉਥੇ ਮੌਜੂਦ ਸਾਰਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।