ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਉਸ ਤੋਂ ਪਹਿਲਾ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਆਗੂਆਂ ਦਾ ਪਾਰਟੀਆਂ ‘ਚ ਆਉਣ ਜਾਣ ਵੀ ਸ਼ੁਰੂ ਹੋ ਗਿਆ ਹੈ। ਇਸ ਵਿਚਕਾਰ ਭਾਰਤੀ ਜਨਤਾ ਪਾਰਟੀ (BJP) ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਕਿਸਾਨ ਅੰਦੋਲਨ ਦੌਰਾਨ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਸਿਖਰ ‘ਤੇ ਸੀ, ਉਸ ਸਮੇਂ ਹਰ ਕੋਈ ਪਾਰਟੀ ਨਾਲ ਤੁਰਨ ਤੋਂ ਗੁਰੇਜ਼ ਕਰ ਰਿਹਾ ਸੀ, ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੋਣਾ ਪਵੇ।
ਪਰ ਕਿਹਾ ਜਾਂਦਾ ਹੈ ਕਿ ‘ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ’ ਜਦੋਂ ਕਿਸਾਨ ਅੰਦੋਲਨ ਖ਼ਤਮ ਹੋਇਆ ਤਾਂ ਪੰਜਾਬ ਵਿੱਚ ਭਾਜਪਾ ਦੀ ਹਾਲਤ ਵੀ ਸੁਧਰ ਗਈ। ਜਦੋਂ ਭਾਜਪਾ ਨੇ ਧਮਾਕੇਦਾਰ ਤਰੀਕੇ ਨਾਲ ਪੰਜਾਬ ਵਿੱਚ ਐਂਟਰੀ ਕੀਤੀ ਤਾਂ ਨਾਲ ਚੱਲਣ ਤੋਂ ਪਰਹੇਜ਼ ਕਰਨ ਵਾਲੇ ਵੀ ਆਪਣੇ ਆਪ ਨੂੰ ਵਫ਼ਾਦਾਰ ਸਿਪਾਹੀ ਅਖਵਾਉਣ ਲੱਗ ਪਏ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਲੜਨ ਲਈ 4028 ਲੋਕਾਂ ਨੇ ਪਾਰਟੀ ਨੂੰ ਅਪਲਾਈ ਕੀਤਾ ਹੈ। ਪਾਰਟੀ ਦੇ ਉੱਚ ਕੋਟੀ ਦੇ ਆਗੂ ਵੀ ਟਿਕਟਾਂ ਲਈ ਅਰਜ਼ੀਆਂ ਦੀ ਗਿਣਤੀ ਦੇਖ ਕੇ ਹੈਰਾਨ ਹਨ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇੰਨੇ ਲੋਕ ਟਿਕਟਾਂ ਲਈ ਅਪਲਾਈ ਕਰਨਗੇ। ਜ਼ਿਆਦਾਤਰ ਦਰਖਾਸਤਾਂ ਵਰਕਿੰਗ ਕਮੇਟੀ ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਰਾਹੀਂ ਪੰਜਾਬ ਇਕਾਈ ਕੋਲ ਪੁੱਜੀਆਂ ਹਨ।
ਜਦਕਿ ਕਈ ਅਜਿਹੇ ਹਨ ਜਿਨ੍ਹਾਂ ਨੇ ਸਿੱਧੇ ਤੌਰ ‘ਤੇ ਅਪਲਾਈ ਕੀਤਾ ਹੈ। ਸਭ ਤੋਂ ਵੱਧ ਦਰਖਾਸਤਾਂ ਦੋਆਬਾ, ਮਾਝਾ, ਪੁਆਧ ਅਤੇ ਸ਼ਹਿਰੀ ਖੇਤਰਾਂ ਤੋਂ ਆਈਆਂ ਹਨ। ਜਦਕਿ ਸਭ ਤੋਂ ਘੱਟ ਅਰਜ਼ੀਆਂ ਬਠਿੰਡਾ ਤੋਂ ਪ੍ਰਾਪਤ ਹੋਈਆਂ ਹਨ। ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਭਾਜਪਾ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਸ਼ਾਮਿਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰ ਜਿਸ ਤਰ੍ਹਾਂ ਟਿਕਟਾਂ ਲਈ ਦਰਖਾਸਤਾਂ ਆਈਆਂ ਹਨ, ਉਸ ਕਾਰਨ ਇੰਨ੍ਹਾਂ ਆਗੂਆਂ ਦੇ ਮਨਸੂਬਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।