ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੇ ਇੱਕ ਹੋਰ ਵੱਡਾ ਐਲਾਨ ਕੀਤਾ ]ਹੈ। ਮੰਗਲਵਾਰ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 50 ਦਿਨ ਹੋ ਗਏ ਹਨ। ਅਜਿਹੇ ‘ਚ 111 ਕਿਸਾਨ ਵੀ ਡੱਲੇਵਾਲ ਦੇ ਸਮਰਥਨ ‘ਚ ਮਰਨ ਵਰਤ ਸ਼ੁਰੂ ਕਰਨਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ ਨੂੰ 50ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਡੱਲੇਵਾਲ ਨੂੰ ਪਿਛਲੇ 48 ਘੰਟਿਆਂ ਤੋਂ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ। ਉਹ ਜੋ ਵੀ ਪਾਣੀ ਪੀਂਦੇ ਹਨ, ਉਹ ਉਲਟੀ ਦੇ ਰੂਪ ਵਿੱਚ ਨਿਕਲਦਾ ਹੈ। ਉਨ੍ਹਾਂ ਦੇ ਸਰੀਰ ਦੇ ਅੰਗ ਅੰਦਰੋਂ ਕੰਮ ਕਰਨਾ ਬੰਦ ਕਰ ਰਹੇ ਹਨ। ਇਸੇ ਲਈ ਉਨ੍ਹਾਂ ਦਾ ਸਰੀਰ ਪਾਣੀ ਵੀ ਸਵੀਕਾਰ ਨਹੀਂ ਕਰ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਰੀਰ ਮਲਟੀਪਲ ਆਰਗਨ ਫੇਲਿਉਰ ਵੱਲ ਵੱਧ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ।
ਇਸੇ ਦੌਰਾਨ ਮੰਗਲਵਾਰ ਨੂੰ ਕਿਸਾਨ ਆਗੂਆਂ ਅਭਿਮੰਨਿਊ ਕੋਹਾੜ, ਕਾਕਾ ਸਿੰਘ ਕੋਟੜਾ ਆਦਿ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਡੱਲੇਵਾਲ ਦੇ ਸਮਰਥਨ ਵਿੱਚ ਬੁੱਧਵਾਰ ਨੂੰ ਦੁਪਹਿਰ 2 ਵਜੇ ਕਾਲੇ ਕੱਪੜੇ ਪਾ ਕੇ 111 ਕਿਸਾਨਾਂ ਦਾ ਜਥਾ ਸ਼ਾਂਤਮਈ ਢੰਗ ਨਾਲ ਬੈਠ ਕੇ ਮਰਨ ਵਰਤ ਸ਼ੁਰੂ ਕਰੇਗਾ। ਖਨੌਰੀ ਬਾਰਡਰ ‘ਤੇ ਜਿੱਥੇ ਪੁਲਿਸ ਬੈਰੀਕੇਡ ਲੱਗੇ ਹਨ ਉੱਥੇ ਹੀ ਇਹ ਵਰਤ ਸ਼ੁਰੂ ਹੋਵੇਗਾ।