ਭਾਜਪਾ ਦੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ BJP ਦੇ 10 ਸੰਸਦ ਮੈਂਬਰਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਹਾਲ ਹੀ ਵਿੱਚ ਸੰਪੰਨ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 2023 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਪੂਰਨ ਬਹੁਮਤ ਹਾਸਿਲ ਕੀਤਾ ਹੈ। ਪਾਰਟੀ ਨੇ ਇਨ੍ਹਾਂ ਰਾਜਾਂ ਵਿੱਚ ਸੰਸਦ ਮੈਂਬਰ ਮੈਦਾਨ ‘ਚ ਉਤਾਰੇ ਸਨ। ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਵਿੱਚੋਂ 10 ਸੰਸਦ ਮੈਂਬਰਾਂ ਨੇ ਬੁੱਧਵਾਰ (06 ਦਸੰਬਰ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਕੇ ਅਸਤੀਫ਼ੇ ਦੇ ਦਿੱਤੇ ਹਨ।
ਇਨ੍ਹਾਂ ਸੰਸਦ ਮੈਂਬਰਾਂ ਵਿੱਚ ਮੱਧ ਪ੍ਰਦੇਸ਼ ਤੋਂ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ, ਰਾਕੇਸ਼ ਸਿੰਘ, ਉਦੈ ਪ੍ਰਤਾਪ ਅਤੇ ਰੀਤੀ ਪਾਠਕ, ਛੱਤੀਸਗੜ੍ਹ ਤੋਂ ਅਰੁਣ ਸਾਓ ਅਤੇ ਗੋਮਤੀ ਸਾਈਂ ਅਤੇ ਰਾਜਸਥਾਨ ਤੋਂ ਰਾਜਵਰਧਨ ਸਿੰਘ ਰਾਠੌਰ, ਦੀਆ ਕੁਮਾਰੀ ਅਤੇ ਕਿਰੋਰੀ ਲਾਲ ਮੀਨਾ ਸ਼ਾਮਿਲ ਹਨ। ਭਾਜਪਾ ਨੇ 4 ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ 21 ਸੰਸਦ ਮੈਂਬਰਾਂ ਨੂੰ ਵਿਧਾਇਕ ਟਿਕਟਾਂ ਦਿੱਤੀਆਂ ਸਨ। ਹੁਣ ਭਾਜਪਾ ਹਾਈਕਮਾਂਡ ਨੇ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਸੰਸਦ ਮੈਂਬਰੀ ਛੱਡਣ ਦਾ ਫੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਦੇ ਨਾਲ, ਸਾਰੇ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਸਿੰਘ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਅਸਤੀਫੇ ਸੌਂਪੇ।
ਹਾਲਾਂਕਿ, ਦੋ ਸੰਸਦ ਮੈਂਬਰਾਂ, ਬਾਬਾ ਬਾਲਕਨਾਥ ਅਤੇ ਰੇਣੂਕਾ ਸਿੰਘ ਨੇ ਅਜੇ ਤੱਕ ਆਪਣੇ ਅਸਤੀਫੇ ਨਹੀਂ ਸੌਂਪੇ ਹਨ। ਉਦੋਂ ਤੋਂ ਹੀ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਕਿਉਂਕਿ ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਬਾਬਾ ਬਾਲਕਨਾਥ ਦਾ ਨਾਂ ਜੁੜ ਰਿਹਾ ਹੈ, ਜੇਕਰ ਉਨ੍ਹਾਂ ਨੇ ਆਪਣੀ ਪਾਰਲੀਮੈਂਟ ਮੈਂਬਰਸ਼ਿਪ ਨਾ ਛੱਡੀ ਤਾਂ ਉਨ੍ਹਾਂ ਦਾ ਨਾਂ ਇਸ ਦੌੜ ਵਿੱਚੋਂ ਬਾਹਰ ਹੋ ਜਾਵੇਗਾ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਤੋਂ ਵਿਧਾਇਕ ਚੋਣ ਜਿੱਤਣ ਵਾਲੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ, “ਮੈਂ ਜਲਦੀ ਹੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ।”