16ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਰੀ ਹੰਗਾਮਾ ਹੋਇਆ ਹੈ। ਸਦਨ ‘ਚ ਸੀਐੱਮ ਭਗਵੰਤ ਮਾਨ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਮੈਂ ਅੱਜ ਸੱਚ ਬੋਲਿਆ ਤਾਂ ਵਿਰੋਧੀ ਧਿਰ ਵਾਕਆਊਟ ਕਰ ਦੇਵੇਗੀ। ਉਨ੍ਹਾਂ ਨੇ ਸਪੀਕਰ ਨੂੰ ਸਦਨ ਨੂੰ ਅੰਦਰੋਂ ਤਾਲਾ ਲਾਉਣ ਲਈ ਕਿਹਾ ਤਾਂ ਜੋ ਵਿਰੋਧੀ ਧਿਰ ਸੱਚ ਬੋਲਣ ‘ਤੇ ਬਾਹਰ ਨਾ ਜਾ ਸਕੇ। ਵਿਰੋਧੀ ਧਿਰ ਨੇ ਇਸ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਸਦਨ ‘ਚ ਹੰਗਾਮਾ ਹੋ ਗਿਆ।ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਗਰਮਾ-ਗਰਮੀ ਹੋਈ, ਜਦਕਿ ਕਾਂਗਰਸ ਅਤੇ ‘ਆਪ’ ਵਿਧਾਇਕਾਂ ਵਿਚਾਲੇ ਹੱਥੋਪਾਈ ਦੀ ਨੌਬਤ ਵੀ ਆ ਗਈ । ਇਸ ਤੋਂ ਬਾਅਦ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਜਿਉਂ ਹੀ ਮੁੜ ਸ਼ੁਰੂ ਹੋਈ ਤਾਂ ਸੀਐਮ ਭਗਵੰਤ ਮਾਨ ਫਿਰ ਬੋਲਣ ਲਈ ਉੱਠੇ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਗਾਉਂਦੀ ਰਹੀ। ਜਦਕਿ ਭਾਜਪਾ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ।