ਵਿਸ਼ਵ ਕੱਪ 2023 ਵਿੱਚ ਅੱਜ ਜਦੋਂ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ ਤਾਂ ਰੋਹਿਤ ਬਿਰਗੇਡ ਲਈ ਕੀਵੀਜ਼ ਸਾਹਮਣੇ ਆਈਸੀਸੀ ਟੂਰਨਾਮੈਂਟਾਂ ਵਿੱਚ ਅਸਫਲਤਾ ਦੇ ਦਾਗ ਨੂੰ ਧੋਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਦਰਅਸਲ ਭਾਰਤ ਅਤੇ ਨਿਊਜ਼ੀਲੈਂਡ ਪਿਛਲੇ 33 ਸਾਲਾਂ ਵਿੱਚ ਹੋਏ ਆਈਸੀਸੀ ਟੂਰਨਾਮੈਂਟਾਂ ਵਿੱਚ 9 ਵਾਰ ਭਿੜ ਚੁੱਕੇ ਹਨ। ਇਨ੍ਹਾਂ ‘ਚੋਂ 8 ਵਾਰ ਨਿਊਜ਼ੀਲੈਂਡ ਨੇ ਜਿੱਤ ਦਰਜ ਕੀਤੀ ਹੈ। 1990 ਤੋਂ ਹੁਣ ਤੱਕ ਚੱਲ ਰਹੇ ਇਸ ਸਿਲਸਿਲੇ ‘ਚ ਭਾਰਤ ਨੇ ਕੀਵੀਆਂ ਖਿਲਾਫ ਸਿਰਫ ਇੱਕ ਵਾਰ (ਵਿਸ਼ਵ ਕੱਪ 2003) ਜਿੱਤ ਦਰਜ ਕੀਤੀ ਸੀ। ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਅੱਜ ਆਈਸੀਸੀ ਟੂਰਨਾਮੈਂਟ ‘ਚ ਕੀਵੀਜ਼ ਦੇ ਦਬਦਬੇ ਨੂੰ ਤੋੜ ਸਕੇਗੀ ਜਾਂ ਨਹੀਂ।
ਓਵਰਆਲ ਹੈਡ ਟੂ ਹੈਡ ਰਿਕਾਰਡ ਟੀਮ ਇੰਡੀਆ ਦੇ ਹੱਕ ਵਿੱਚ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ 116 ਵਨਡੇ ਮੈਚਾਂ ‘ਚੋਂ ਭਾਰਤ ਨੇ 58 ਜਿੱਤੇ ਹਨ, ਜਦਕਿ ਨਿਊਜ਼ੀਲੈਂਡ ਨੇ 50 ਜਿੱਤੇ ਹਨ। ਮੌਜੂਦਾ ਆਈਸੀਸੀ ਰੈਂਕਿੰਗ ‘ਚ ਵੀ ਟੀਮ ਇੰਡੀਆ ਪਹਿਲੇ ਸਥਾਨ ‘ਤੇ ਹੈ, ਜਦਕਿ ਨਿਊਜ਼ੀਲੈਂਡ 5ਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇਸ ਸਾਲ ਦੀ ਸ਼ੁਰੂਆਤ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਇਕਤਰਫਾ ਤਰੀਕੇ ਨਾਲ ਜਿੱਤੀ ਸੀ।