ਬੀਤੇ ਦਿਨ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਅਸੈਂਬਲੀ ਸੈਸ਼ਨ ਦੌਰਾਨ ਕਾਫ਼ੀ ਹੰਗਾਮਾ ਹੋਇਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਨੂੰ ਵਿਧਾਨ ਸਭਾ ਦੇ ਬਾਹਰ ਹੀ ਘੇਰ ਲਿਆ ਗਿਆ। ਇੰਨਾ ਹੀ ਨਹੀਂ, ਵਿਧਾਨ ਸਭਾ ਦੇ ਅੰਦਰ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁੱਖ ਮੰਤਰੀ ਉੱਤੇ ਪਾਣੀ ਦੀਆਂ ਬੋਤਲਾਂ ਵੀ ਸੁੱਟੀਆਂ। ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਮੁੱਖ ਮੰਤਰੀ ਜਾਮ ਕਮਾਲ ‘ਤੇ ਜੁੱਤੀਆਂ ਅਤੇ ਚੱਪਲਾਂ ਵੀ ਸੁੱਟੀਆਂ ਗਈਆਂ। ਦਰਅਸਲ ਸ਼ੁੱਕਰਵਾਰ ਨੂੰ ਬਲੋਚਿਸਤਾਨ ਅਸੈਂਬਲੀ ਵਿੱਚ ਬਜਟ ਸੈਸ਼ਨ ਬੁਲਾਇਆ ਗਿਆ ਸੀ। ਪਰ ਇਸ ਦੌਰਾਨ ਹਾਕਮ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਕਾਫੀ ਹੰਗਾਮਾ ਹੋ ਗਿਆ। ਸਥਿਤੀ ਇਹ ਬਣ ਗਈ ਕਿ ਵਿਧਾਨ ਸਭਾ ਵਿੱਚ ਹੀ ਮੁੱਖ ਮੰਤਰੀ ਕਮਾਲ ‘ਤੇ ਹਮਲਾ ਹੋ ਗਿਆ। ਉਨ੍ਹਾਂ ‘ਤੇ ਬੋਤਲਾਂ, ਜੁੱਤੀਆਂ ਅਤੇ ਚੱਪਲਾਂ ਸੁੱਟੀਆਂ ਜਾਣ ਲੱਗੀਆਂ। .
ਬਲੋਚਿਸਤਾਨ ਅਸੈਂਬਲੀ ਵਿੱਚ, ਵਿਰੋਧੀ ਧਿਰ ਦੇ ਮੈਂਬਰਾਂ ਨੇ ਪੂਰੇ ਸਦਨ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਰੋਧੀ ਨੇਤਾਵਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦਿਆਂ ਫਿਰ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲਿਆ। ਜਾਣਕਰੀ ਹੈ ਕਿ ਇਸ ਦੌਰਾਨ ਲਾਠੀਚਾਰਜ ਵੀ ਕੀਤਾ ਗਿਆ ਸੀ, ਜਿਸ ਵਿੱਚ ਕਈ ਆਗੂ ਜ਼ਖਮੀ ਵੀ ਹੋਏ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਹਫਤੇ ਵੀ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੱਡਾ ਭੁਚਾਲ ਆਇਆ ਸੀ। ਫਿਰ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸੀਮ ਸੂਰੀ ਖ਼ਿਲਾਫ਼ ਇੱਕ ਵਿਸ਼ਵਾਸ-ਪ੍ਰਸਤਾਵ ਪੇਸ਼ ਕੀਤਾ ਸੀ।
ਵੈਸੇ ਵੀ, ਪਾਕਿਸਤਾਨ ਦੀ ਰਾਜਨੀਤੀ ਵਿੱਚ ਹਮੇਸ਼ਾ ਹਲਚਲ ਰਹਿੰਦੀ ਹੈ। ਵਿਰੋਧੀ ਧਿਰ ਲੰਬੇ ਸਮੇਂ ਤੋਂ ਇਮਰਾਨ ਖਾਨ ਦੀ ਸਰਕਾਰ ਖ਼ਿਲਾਫ਼ ਇੱਕਜੁੱਟ ਹੋ ਰਹੀ ਹੈ। ਕੋਰੋਨਾ ਦੇ ਸਮੇਂ ਦੌਰਾਨ ਵੀ, ਪਾਕਿਸਤਾਨ ਵਿੱਚ ਵਿਰੋਧੀ ਧਿਰਾਂ ਦੁਆਰਾ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਇਮਰਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ।