ਪੰਜਾਬੀਆਂ ਦੀ ਬਹਾਦਰੀ ਨੂੰ ਪੂਰੇ ਸੰਸਾਰ ’ਚ ਸਲਾਮਾਂ ਹੁੰਦੀਆਂ ਹਨ ਕਿਉਂਕਿ ਪੰਜਾਬੀ ਹਮੇਸ਼ਾ ਆਪਣੇ ’ਤੇ ਆਉਂਦੀਆਂ ਮੁਸੀਬਤਾਂ ਨੂੰ ਖਿੜੇ ਮੱਥੇ ਸਵੀਕਾਰਦੇ ਹਨ ਤੇ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਵੀ ਕਰਦੇ ਹਨ। ਜੇਕਰ ਅਸੀਂ ਪੰਜਾਬ ਤੋਂ ਬਾਹਰ ਵਿਦੇਸ਼ਾ ਵਿੱਚ ਰਹਿੰਦੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਉੱਥੇ ਵੱਸਦੇ ਪੰਜਾਬੀਆਂ ਨੇ ਵੀ ਆਪਣੀ ਬਹਾਦਰੀ ਨਾਲ ਉਥੋਂ ਦੇ ਵਸਨੀਕਾਂ ਨੂੰ ਹੈਰਾਨ ਕੀਤਾ ਹੈ। ਅਜਿਹਾ ਹੀ ਇੱਕ ਬਹਾਦਰੀ ਵਾਲਾ ਮਾਮਲਾ ਨਿਊਜ਼ੀਲੈਂਡ ਦੇ ਨੈਪੀਅਰ ਦੇ ਟੀ ਆਵਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਡੇਅਰੀ ਸ਼ੋਪ ਦੇ ਬਜ਼ੁਰਗ ਮਾਲਕ ਮਨਮੋਹਨ ਸਿੰਘ ਨੇ ਹਿੰਮਤ ਅਤੇ ਦਲੇਰੀ ਨਾਲ ਆਪਣੀ ਸ਼ੋਪ ਨੂੰ ਲੁੱਟ ਤੋਂ ਬਚਾਇਆ ਹੈ।
ਦਰਅਸਲ ਬੀਤੇ ਦਿਨ ਹੱਥ ਵਿੱਚ ਚਾਕੂ ਲੈ ਕੇ ਲੁੱਟ ਦੀ ਨੀਅਤ ਨਾਲ ਇੱਕ ਲੁਟੇਰਾ ਉਨ੍ਹਾਂ ਦੀ ਸ਼ੋਪ ਵਿੱਚ ਦਾਖਲ ਹੋਇਆ ਸੀ। ਇਸ ਦੌਰਾਨ ਸ਼ੋਪ ਵਿੱਚ ਮਨਮੋਹਨ ਸਿੰਘ ਦੀ ਨੂੰਹ ਵੀ ਮੌਜੂਦ ਸੀ। ਪਰ ਲੁਟੇਰੇ ਦੇ ਹੱਥ ਵਿੱਚ ਚਾਕੂ ਦੇਖ ਉਹ ਕਾਫੀ ਘਬਰਾ ਗਈ ਅਤੇ ਪਿੱਛੇ ਹੱਟ ਗਈ। ਜਦਕਿ ਇਸ ਦੌਰਾਨ ਜਦੋ ਸ਼ੋਪ ਦੇ ਪਿਛਲੇ ਪਾਸੇ ਬਾਗਬਾਨੀ ਕਰ ਰਹੇ ਮਨਮੋਹਨ ਸਿੰਘ ਨੂੰ ਇਸ ਮਾਮਲੇ ਬਾਰੇ ਬਾਰੇ ਪਤਾ ਲੱਗਾ ਤਾਂ ਉਹ ਸ਼ੋਪ ‘ਚ ਆਏ ‘ਤੇ ਲੁਟੇਰੇ ਦਾ ਮੁਕਾਬਲਾ ਕੀਤਾ। ਇਸ ਦੌਰਾਨ ਲੁਟੇਰੇ ਨੂੰ ਮਨਮੋਹਨ ਸਿੰਘ ਨੂੰ ਆਪਣੇ ‘ਤੇ ਭਾਰੀ ਪੈਦਾ ਦੇਖ ਉਥੋਂ ਖਾਲੀ ਹੱਥ ਹੀ ਭੱਜਣਾ ਪਿਆ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋ ਮਨਮੋਹਨ ਸਿੰਘ ਦੀ ਸ਼ੋਪ ‘ਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਨੂੰ ਖਾਲੀ ਹੱਥ ਭੱਜਣਾ ਪਿਆ ਹੈ। ਇਸ ਤੋਂ ਪਹਿਲਾ ਵੀ ਅਜਿਹੀਆਂ ਕਈ ਵਾਰਦਾਤਾਂ ਉਨ੍ਹਾਂ ਨਾਲ ਵਾਪਰ ਚੁੱਕੀਆਂ ਹਨ। 2016 ਵਿੱਚ ਵੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸੁਖਜਿੰਦਰਪਾਲ ਸਿੰਘ ਨੇ ਇੰਝ ਹੀ ਹਥਿਆਰਬੰਦ ਲੁਟੇਰਿਆਂ ਆਪਣੀ ਬਹਾਦਰੀ ਅਤੇ ਦਲੇਰੀ ਦੇ ਨਾਲ ਸ਼ੋਪ ‘ਚੋਂ ਖਾਲੀ ਹੱਥ ਭਜਾਇਆ ਸੀ। ਉਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਸੀ। ਫਿਲਹਾਲ ਇਸ ਤਾਜ਼ਾ ਮਾਮਲੇ ਵਿੱਚ ਪੁਲਿਸ ਲੁਟੇਰੇ ਦੀ ਭਾਲ ਕਰ ਰਹੀ ਹੈ। ਕਾਨੂੰਨ ਅਨੁਸਾਰ ਇਸ ਮਾਮਲੇ ਵਿੱਚ ਦੋਸ਼ੀ ਨੂੰ 14 ਸਾਲ ਦੀ ਸਜਾ ਵੀ ਹੋ ਸਕਦੀ ਹੈ।