ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ, ਪਿਛਲੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਹੱਥ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿੱਚ ਤਣਾਅ ਵਧ ਗਿਆ ਸੀ। ਹਾਲਾਂਕਿ ਭਾਰਤ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਹੁਣ ਕੈਨੇਡੀਅਨ ਪੁਲਿਸ ਨੇ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਜਿਸ ਦਿਨ ਨਿੱਝਰ ਦਾ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ ਕਤਲ ਕੀਤਾ ਗਿਆ ਸੀ, ਉਸ ਦਿਨ ਉਨ੍ਹਾਂ ਨੇ ਸ਼ੂਟਰ ਅਤੇ ਡਰਾਈਵਰ ਵਜੋਂ ਕੰਮ ਕੀਤਾ ਸੀ।
ਸ਼ੱਕੀਆਂ ਦੀ ਪਛਾਣ ਭਾਰਤੀ ਨਾਗਰਿਕ ਵੱਜੋਂ ਹੋਈ ਹੈ। ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਲਗਭਗ ਇੱਕ ਸਾਲ ਬਾਅਦ ਕੈਨੇਡੀਅਨ ਪੁਲਿਸ ਨੇ ਭਾਰਤੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕੈਨੇਡਾ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਭਾਰਤ ਸਰਕਾਰ ਦੇ ਸਬੰਧ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਸਵਾਲ ਦਾ ਜਵਾਬ ਸਿਰਫ ਕੈਨੇਡੀਅਨ ਪੁਲਿਸ ਹੀ ਬਿਹਤਰ ਤਰੀਕੇ ਨਾਲ ਦੇ ਸਕਦੀ ਹੈ।