ਨਿਊਜ਼ੀਲੈਂਡ ‘ਚ ਲੁਟੇਰੇ ਲੁੱਟਾਂ ਖੋਹਾਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਹਰ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਲੁੱਟ ਦਾ ਤਾਜ਼ਾ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪੰਜਾਬੀ ਦੇ ਕੱਪੜਿਆਂ ਦੇ ਸਟੋਰ ਨੂੰ ਚੋਰਾਂ ਨੇ ਤੜਕਸਾਰ ਨਿਸ਼ਾਨਾ ਬਣਾਇਆ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਸਟੋਰ ‘ਤੇ ਲੱਗੇ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ। ਲੁੱਟ ਦੀ ਇਹ ਘਟਨਾ LEGION OUTFITS ਨਾਮ ਦੇ ਸਟੋਰ ‘ਤੇ ਵਾਪਰੀ ਹੈ ਜੋ 455 COLOMBO street ‘ਤੇ ਸਥਿਤ ਹੈ। ਉੱਥੇ ਹੀ ਇਸ ਲੁੱਟ ਬਾਰੇ ਜਾਣਕਾਰੀ ਦਿੰਦਿਆਂ ਸਟੋਰ ਮਾਲਕ ਨੇ ਦੱਸਿਆ ਕਿ ਲੁਟੇਰਿਆਂ ਨੇ ਸਵੇਰੇ 4 ਵਜੇ ਤੋਂ ਬਾਅਦ 4:40 ਦੇ ਕਰੀਬ ਇਸ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਦੌਰਾਨ ਲੁਟੇਰਿਆਂ ਦੇ ਵੱਲੋਂ ਪਹਿਲਾ ਸਟੋਰ ਦੇ ਮੇਨ ਗੇਟ ਦੀ ਭੰਨਤੋੜ ਕੀਤੀ ਗਈ ਅਤੇ ਫਿਰ ਅੰਦਰ ਦਾਖਲ ਹੋ ਕਾਫੀ ਸਾਰਾ ਸਮਾਨ ਚੋਰੀ ਕੀਤਾ ਗਿਆ।
CCTV ਦੇ ਵਿੱਚ ਕੈਦ ਹੋਈਆਂ ਤਸਵੀਰਾਂ ਦੇ ਵਿੱਚ 3 ਲੁਟੇਰੇ ਨਜ਼ਰ ਆ ਰਹੇ ਨੇ ਜੋ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਸਟੋਰ ‘ਤੇ ਪਹੁੰਚੇ ਸਨ ਅਤੇ ਤਿੰਨਾਂ ਦੇ ਹੱਥਾਂ ਦੇ ਵਿੱਚ ਛੋਟੇ ਹਥੌੜੇ ਨਜ਼ਰ ਆ ਰਹੇ ਨੇ, ਇਸ ਮਗਰੋਂ ਲੁਟੇਰੇ ਹਥੌੜੀਆਂ ਨਾਲ ਮੇਨ ਦਰਵਾਜੇ ‘ਤੇ ਲੱਗਿਆ ਸ਼ੀਸ਼ਾ ਭੰਨਦੇ ਨੇ ਅਤੇ ਫਿਰ ਅੰਦਰ ਦਾਖਲ ਹੋ ਕੱਪੜੇ ਚੋਰੀ ਕਰ ਰਫੂ ਚੱਕਰ ਹੋ ਜਾਂਦੇ ਨੇ। ਉੱਥੇ ਹੀ ਸਟੋਰ ਮਾਲਕ ਦਾ ਕਹਿਣਾ ਹੈ ਕਿ ਫਿਲਹਾਲ ਸਟੋਰ ਨੂੰ 2 ਤੋਂ 3 ਹਫ਼ਤਿਆਂ ਤੱਕ ਬੰਦ ਰੱਖਿਆ ਜਾਵੇਗਾ ਅਤੇ ਮੁਰੰਮਤ ਤੋਂ ਬਾਅਦ ਦੁਬਾਰਾ ਖੋਲ੍ਹਿਆ ਜਾਵੇਗਾ।