ਭਾਰਤ ਦੇ ਖਾਤੇ ਵਿੱਚ ਇੱਕ ਹੋਰ ਗੋਲਡ ਜੁੜ ਗਿਆ ਹੈ। ਸਿਫ਼ਤ ਕੌਰ ਨੇ 50 ਮੀਟਰ ਰਾਈਫਲ ਈਵੈਂਟ ਰਾਹੀਂ ਦੇਸ਼ ਲਈ ਪੰਜਵਾਂ ਸੋਨ ਤਮਗਾ ਜਿੱਤਿਆ ਹੈ। ਇਸੇ ਈਵੈਂਟ ਵਿੱਚ ਚੀਨ ਨੇ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਥੇ ਹੀ ਭਾਰਤ ਦੀ ਆਸ਼ੀ 50 ਮੀਟਰ ਰਾਈਫਲ ਈਵੈਂਟ ‘ਚ ਤੀਜੇ ਸਥਾਨ ‘ਤੇ ਰਹਿ ਕੇ ਕਾਂਸੀ ਦਾ ਤਗਮਾ ਜਿੱਤਣ ‘ਚ ਕਾਮਯਾਬ ਰਹੀ ਹੈ। ਅੱਜ ਯਾਨੀ ਚੌਥੇ ਦਿਨ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ।
50 ਮੀਟਰ ਰਾਈਫਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਸਿਫ਼ਤ ਕੌਰ ਨੇ 469.6 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਰਿਕਾਰਡ ਦੇ ਨਾਲ ਉਸ ਨੇ ਚੀਨ ਦੀ ਝਾਂਗ ਕਿਓਂਗਯੂ ਨੂੰ ਹਰਾਇਆ ਹੈ, ਜਿਸ ਨੇ 462.3 ਦਾ ਸਕੋਰ ਬਣਾਇਆ ਸੀ। ਇਸ ਤਰ੍ਹਾਂ ਸਿਫ਼ਤ ਨੇ ਵੱਡੇ ਫਰਕ ਨਾਲ ਸੋਨ ਤਮਗਾ ਜਿੱਤਿਆ ਹੈ। ਜਦੋਂ ਕਿ ਆਸ਼ੀ ਚੋਕਸੀ ਨੇ 451.9 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ। ਆਸ਼ੀ ਦੇ ਖ਼ਰਾਬ ਸ਼ਾਟ ਨੇ ਉਸ ਨੂੰ ਚਾਂਦੀ ਦੇ ਤਗ਼ਮੇ ਤੋਂ ਦੂਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਕਾਂਸੀ ਨਾਲ ਹੀ ਸਬਰ ਕਰਨਾ ਪਿਆ।