ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਸ਼ਨੀਵਾਰ ਤੋਂ ਜੰਗ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਵੀ ਇਜ਼ਰਾਈਲ ‘ਚ ਫਸ ਗਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਚਿੰਤਤ ਸਨ ਅਤੇ ਨੁਸਰਤ ਦੇ ਸਹੀ-ਸਲਾਮਤ ਦੇਸ਼ ਪਰਤਣ ਦੀ ਦੁਆ ਕਰ ਰਹੇ ਸਨ। ਪਰ ਹੁਣ ਅਦਾਕਾਰਾ ਬਾਰੇ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਇਜ਼ਰਾਈਲ ਵਿੱਚ ਫਸੀ ਨੁਸਰਤ ਭਰੂਚਾ ਨਾਲ ਸੰਪਰਕ ਕੀਤਾ ਗਿਆ ਹੈ। ਅਦਾਕਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹ ਇਜ਼ਰਾਈਲ ਤੋਂ ਬਾਹਰ ਨਿਕਲਣ ਲਈ ਹਵਾਈ ਅੱਡੇ ਦੇ ਖੇਤਰ ਵਿੱਚ ਪਹੁੰਚ ਗਈ ਹੈ। ਅਦਾਕਾਰਾ ਜਲਦੀ ਹੀ ਫਲਾਈਟ ਰਾਹੀਂ ਇਜ਼ਰਾਈਲ ਤੋਂ ਰਵਾਨਾ ਹੋਵੇਗੀ। ਨੁਸਰਤ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਪੂਰੇ ਦੇਸ਼ ਲਈ ਇਹ ਰਾਹਤ ਦੀ ਖਬਰ ਹੈ। ਹਰ ਕੋਈ ਨੁਸਰਤ ਦੇ ਸੁਰੱਖਿਅਤ ਆਪਣੇ ਦੇਸ਼ ਪਰਤਣ ਦੀ ਉਡੀਕ ਕਰ ਰਿਹਾ ਹੈ।
ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਲਈ ਇਜ਼ਰਾਈਲ ਗਈ ਸੀ। ਪਰ ਇਸੇ ਦੌਰਾਨ ਉੱਥੇ ਜੰਗ ਸ਼ੁਰੂ ਹੋ ਗਈ ਅਤੇ ਨੁਸਰਤ ਉੱਥੇ ਹੀ ਫਸ ਗਈ। ਅਦਾਕਾਰਾ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਟੀਮ ਨੇ ਕਿਹਾ ਸੀ ਕਿ ਅਦਾਕਾਰਾ ਬੇਸਮੈਂਟ ‘ਚ ਹੈ ਅਤੇ ਸੁਰੱਖਿਅਤ ਹੈ। ਪਰ ਚਿੰਤਾ ਉਦੋਂ ਵੱਧ ਗਈ ਜਦੋਂ ਨੁਸਰਤ ਨਾਲ ਇਸ ਗੱਲਬਾਤ ਤੋਂ ਬਾਅਦ ਉਸ ਦੀ ਟੀਮ ਦਾ ਸੰਪਰਕ ਟੁੱਟ ਗਿਆ। ਉਨ੍ਹਾਂ ਦੀ ਟੀਮ ਨੇ ਕਿਹਾ ਸੀ- ਅਸੀਂ ਸੰਪਰਕ ਨਹੀਂ ਕਰ ਪਾ ਰਹੇ ਹਾਂ। ਅਸੀਂ ਨੁਸਰਤ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਸਿਹਤਮੰਦ ਅਤੇ ਸੁਰੱਖਿਅਤ ਵਾਪਸ ਆਵੇਗੀ। ਹੁਣ ਤਾਜ਼ਾ ਜਾਣਕਾਰੀ ਅਨੁਸਾਰ ਨੁਸਰਤ ਸੁਰੱਖਿਅਤ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਜਲਦੀ ਹੀ ਉਹ ਯੁੱਧ ਖੇਤਰ ਤੋਂ ਬਾਹਰ ਨਿਕਲਣ ਲਈ ਇੱਕ ਫਲਾਈਟ ਵਿੱਚ ਸਵਾਰ ਹੋਵੇਗੀ।