ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਮੰਗਲਵਾਰ ਸ਼ਾਮ ਨੂੰ ਆਪਣੇ ਸੰਯੁਕਤ ਅਕਾਲੀ ਦਲ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਸਨ, ਜਿਨ੍ਹਾਂ ਨੇ ਨਾ ਸਿਰਫ਼ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵਿੱਚ ਵਾਪਸੀ ਦਾ ਸਵਾਗਤ ਕੀਤਾ ਸਗੋਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਬਣਾਇਆ। ਢੀਂਡਸਾ ਨੇ ਇਸ ਮੌਕੇ ਕਿਹਾ ਕਿ ਪੰਥ ਅਤੇ ਪੰਜਾਬ ਦੀ ਮਜ਼ਬੂਤੀ ਲਈ ਅਕਾਲੀ ਦਲ ਵਿੱਚ ਏਕਤਾ ਜ਼ਰੂਰੀ ਹੈ।
ਸੁਖਬੀਰ ਬਾਦਲ ਨੇ ਕਿਸੇ ਨਾ ਕਿਸੇ ਕਾਰਨ ਪਾਰਟੀ ਛੱਡਣ ਵਾਲੇ ਸਾਰੇ ਅਕਾਲੀ ਆਗੂਆਂ ਨੂੰ ਆਪਣੀ ਮਾਂ ਪਾਰਟੀ ਵਿੱਚ ਮੁੜ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਆਂ ਦੀਆਂ ਆਸਾਂ ਦੀ ਰਾਖੀ ਕਰਨ ਦੇ ਸਮਰੱਥ ਸਿਰਫ਼ ਅਕਾਲੀ ਦਲ ਹੀ ਹੈ। ਉਨ੍ਹਾਂ ਕਿਹਾ, ‘ਮੈਂ ਹਰ ਕਿਸੇ ਤੋਂ ਮੁਆਫ਼ੀ ਮੰਗਣ ਲਈ ਤਿਆਰ ਹਾਂ।’ ਉਨ੍ਹਾਂ ਦੁਹਰਾਇਆ, ‘ਮੈਂ ਬੀਬੀ ਜਗੀਰ ਕੌਰ ਜੀ ਨੂੰ ਵੀ ਹੱਥ ਜੋੜ ਕੇ ਆਪਣੀ ਪਾਰਟੀ ਵਿੱਚ ਵਾਪਸ ਆਉਣ ਦੀ ਅਪੀਲ ਕਰਦਾ ਹਾਂ।